ਚੋਣ ਟਰਾਇਲ ਦੌਰਾਨ ਡੋਪ ਟੈਸਟ ਲਈ ਨਮੂਨਾ ਦੇਣ ਤੋਂ ਇਨਕਾਰ ਕਰਨ ਦਾ ਦੋਸ਼
ਨਵੀਂ ਦਿੱਲੀ, 28 ਨਵੰਬਰ (ਪੰਜਾਬ ਮੇਲ)- ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਬਜਰੰਗ ਪੂਨੀਆ ਨੂੰ ਕੌਮੀ ਟੀਮ ਲਈ ਚੋਣ ਟਰਾਇਲ ਦੌਰਾਨ 10 ਮਾਰਚ ਨੂੰ ਡੋਪ ਟੈਸਟ ਲਈ ਨਮੂਨਾ ਦੇਣ ਤੋਂ ਇਨਕਾਰ ਕਰਨ ‘ਤੇ ਚਾਰ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਨਾਡਾ ਨੇ ਉਸ ਨੂੰ ਪਹਿਲਾਂ 23 ਅਪ੍ਰੈਲ ਨੂੰ ਮੁਅੱਤਲ ਕੀਤਾ ਸੀ, ਜਿਸ ਤੋਂ ਬਾਅਦ ਯੂਨਾਈਟਿਡ ਵਰਲਡ ਰੈਸਲਿੰਗ (ਯੂ.ਡਬਲਯੂ.ਡਬਲਯੂ.) ਨੇ ਵੀ ਟੋਕੀਓ ਓਲੰਪਿਕਸ ‘ਚ ਕਾਂਸੇ ਦਾ ਤਮਗਾ ਜੇਤੂ ਪਹਿਲਵਾਨ ਨੂੰ ਮੁਅੱਤਲ ਕਰ ਦਿੱਤਾ ਸੀ। ਬਜਰੰਗ ਨੇ ਅਸਥਾਈ ਮੁਅੱਤਲੀ ਖ਼ਿਲਾਫ਼ ਅਪੀਲ ਕੀਤੀ ਸੀ ਅਤੇ ਨਾਡਾ ਦੇ ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ (ਏ.ਡੀ.ਡੀ.ਪੀ.) ਨੇ 31 ਮਈ ਨੂੰ ਇਸ ਨੂੰ ਉਦੋਂ ਤੱਕ ਰੱਦ ਕਰ ਦਿੱਤਾ ਸੀ, ਜਦੋਂ ਤੱਕ ਨਾਡਾ ਦੋਸ਼ ਦਾ ਨੋਟਿਸ ਜਾਰੀ ਨਹੀਂ ਕਰਦਾ।
ਓਲੰਪਿਕ ਤਮਗ਼ਾ ਜੇਤੂ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਇਹ ਸਰਕਾਰ ਦਾ ਬਦਲਾ ਲੈਣ ਵਾਲਾ ਕਦਮ ਹੈ ਅਤੇ ਜੇ ਉਹ ਭਾਜਪਾ ਵਿਚ ਸ਼ਾਮਲ ਹੋ ਜਾਂਦਾ ਹੈ, ਤਾਂ ਪਾਬੰਦੀ ਹਟਾ ਦਿੱਤੀ ਜਾਵੇਗੀ। ਬਜਰੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਇਹ ਹੈਰਾਨ ਕਰਨ ਵਾਲਾ ਫ਼ੈਸਲਾ ਨਹੀਂ ਕਿਉਂਕਿ ਟਰਾਇਲ ਦਾ ਇਹ ਮਾਮਲਾ ਪਿਛਲੇ ਸਾਲ ਤੋਂ ਚੱਲ ਰਿਹਾ ਹੈ।” ਪਹਿਲਵਾਨ ਨੇ ਦੋਸ਼ ਲਾਇਆ ਕਿ ਸਰਕਾਰ ਭਾਰਤੀ ਕੁਸ਼ਤੀ ਫੈੱਡਰੇਸ਼ਨ (ਡਬਲਯੂ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਤੋਂ ਖ਼ਿਲਾਫ਼ ਲੰਮੇ ਸਮੇਂ ਤੋਂ ਚੱਲ ਰਹੇ ਪ੍ਰਦਰਸ਼ਨ ‘ਚ ਹਿੱਸਾ ਲੈਣ ਦਾ ਬਦਲਾ ਲੈਣਾ ਚਾਹੁੰਦੀ ਹੈ।