#PUNJAB

ਨਸ਼ਿਆਂ ਨਾਲ ਹੁੰਦੀਆਂ ਮੌਤਾਂ ਦੇ ਮਾਮਲੇ ‘ਚ ਪੰਜਾਬ ਸਿਖਰ ‘ਤੇ!

ਦੇਸ਼ ‘ਚੋਂ 21 ਫ਼ੀਸਦੀ ਮੌਤਾਂ ਇਕੱਲੇ ਪੰਜਾਬ ‘ਚ
ਚੰਡੀਗੜ੍ਹ, 7 ਦਸੰਬਰ (ਪੰਜਾਬ ਮੇਲ)-ਨਸ਼ਿਆਂ ਨਾਲ ਹੁੰਦੀਆਂ ਮੌਤਾਂ ਦੇ ਮਾਮਲੇ ‘ਚ ਪੰਜਾਬ ਸਿਖਰ ‘ਤੇ ਹੈ। ਲੰਘੇ ਚਾਰ ਵਰ੍ਹਿਆਂ ਵਿਚ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ‘ਚ ਕਰੀਬ ਤਿੰਨ ਗੁਣਾ ਵਾਧਾ ਹੋਇਆ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੀ ਲੰਘੇ ਦਿਨ ਜਾਰੀ ਰਿਪੋਰਟ ‘ਚ ਇਹ ਤੱਥ ਉੱਭਰੇ ਹਨ। ਦੇਸ਼ ਵਿਚੋਂ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਦੀ ਆਬਾਦੀ ਸਿਰਫ਼ 2.21 ਫ਼ੀਸਦੀ ਬਣਦੀ ਹੈ ਜਦੋਂ ਕਿ ਨਸ਼ਿਆਂ ਨਾਲ ਹੋਈਆਂ ਮੌਤਾਂ ‘ਚੋਂ ਇਕੱਲੇ ਪੰਜਾਬ ‘ਚ 21 ਫ਼ੀਸਦੀ ਮੌਤਾਂ ਹੋਈਆਂ ਹਨ। ਕੌਮੀ ਕਰਾਈਮ ਰਿਕਾਰਡ ਬਿਊਰੋ ਦੀ ਸਾਲ 2022 ਦੀ ਇਹ ਰਿਪੋਰਟ ਪੰਜਾਬ ਸਰਕਾਰ ਨੂੰ ਕਟਹਿਰੇ ‘ਚ ਖੜ੍ਹੇ ਕਰਨ ਵਾਲੀ ਹੈ।
ਐੱਨ. ਸੀ. ਆਰ. ਬੀ. ਦੀ ਰਿਪੋਰਟ ਅਨੁਸਾਰ ਸਾਲ 2022 ਵਿਚ ਪੰਜਾਬ ਵਿਚ ਓਵਰਡੋਜ਼ ਨਾਲ 144 ਮੌਤਾਂ ਹੋਈਆਂ ਹਨ ਜੋ ਦੇਸ਼ ਵਿਚ ਹੋਈਆਂ ਮੌਤਾਂ ਦਾ 21 ਫ਼ੀਸਦੀ ਬਣਦਾ ਹੈ। ਚਾਰ ਵਰ੍ਹੇ ਪਹਿਲਾਂ ਸਾਲ 2019 ਵਿਚ ਓਵਰਡੋਜ਼ ਨੇ 45 ਜਾਨਾਂ ਲਈਆਂ ਸਨ ਜੋ ਦੇਸ਼ ਭਰ ‘ਚ ਗਈਆਂ ਜਾਨਾਂ ਦਾ 6.39 ਫ਼ੀਸਦੀ ਬਣਦਾ ਹੈ। ਮਤਲਬ ਕਿ ਚਾਰ ਸਾਲਾਂ ਹੀ ਤਿੰਨ ਗੁਣਾ ਵਾਧਾ ਹੋ ਗਿਆ ਹੈ। ਉਸ ਤੋਂ ਪਹਿਲਾਂ ਸਾਲ 2017 ਵਿਚ ਓਵਰਡੋਜ਼ ਨਾਲ 71 ਮੌਤਾਂ ਹੋਈਆਂ ਸਨ ਜਦੋਂ ਕਿ 2018 ‘ਚ ਇਹ ਗਿਣਤੀ 78 ਸੀ। ਹਰਿਆਣਾ ਵਿਚ ਸਾਲ 2022 ਵਿਚ ਓਵਰਡੋਜ਼ ਨਾਲ ਸਿਰਫ਼ 9 ਮੌਤਾਂ ਹੋਈਆਂ ਸਨ। ਪੰਜਾਬ ਵਿਚ ਓਵਰਡੋਜ਼ ਨਾਲ ਮੌਤਾਂ ਦੀ ਗਿਣਤੀ ਕਦੇ ਸੌ ਦੇ ਅੰਕੜੇ ਨੂੰ ਛੂਹੀ ਨਹੀਂ ਸੀ ਪਰ ਸਾਲ 2022 ਤੋਂ ਇਨ੍ਹਾਂ ਮੌਤਾਂ ‘ਚ ਇਕਦਮ ਵਾਧਾ ਹੋਇਆ ਹੈ। ਸਾਲ 2019 ਵਿਚ ਇਹ ਅੰਕੜਾ ਘੱਟ ਕੇ 45 ਰਹਿ ਗਿਆ ਸੀ। ਇਸੇ ਤਰ੍ਹਾਂ ਹੀ ਸਾਲ 2022 ਵਿਚ 54 ਨਸ਼ੇੜੀਆਂ ਨੇ ਖ਼ੁਦਕੁਸ਼ੀ ਵਰਗਾ ਕਦਮ ਵੀ ਚੁੱਕਿਆ ਜਦੋਂਕਿ 2021 ਵਿਚ 78 ਨਸ਼ੇੜੀਆਂ ਨੇ ਖ਼ੁਦਕੁਸ਼ੀ ਕੀਤੀ ਸੀ। ਪੰਜਾਬ ਸਰਕਾਰ ਨੇ ਨਸ਼ਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਵੀ ਕੀਤੀ ਹੋਈ ਹੈ ਪਰ ਹਕੀਕਤ ਵਿਚ ਬਹੁਤਾ ਫ਼ਰਕ ਨਜ਼ਰ ਨਹੀਂ ਆ ਰਿਹਾ।

ਕਰਜ਼ਾ, ਬਿਮਾਰੀ ਤੇ ਗਰੀਬੀ ਖੁਦਕੁਸ਼ੀਆਂ ਦੇ ਮੁੱਖ ਕਾਰਨ ਬਣੇ
ਪਿਛਲੇ ਵਰ੍ਹੇ 109 ਖੁਦਕੁਸ਼ੀਆਂ ਦਾ ਕਾਰਨ ਕਰਜ਼ਾ ਬਣਿਆ ਸੀ। ਇਸੇ ਤਰ੍ਹਾਂ 1096 ਵਿਅਕਤੀ ਬਿਮਾਰੀ ਦੀ ਮਾਰ ਨਹੀਂ ਝੱਲ ਸਕੇ ਤੇ ਖ਼ੁਦਕੁਸ਼ੀ ਕਰ ਲਈ। ਬੇਰੋਜ਼ਗਾਰੀ ਕਾਰਨ 79 ਅਤੇ 145 ਖੁਦਕੁਸ਼ੀਆਂ ਦਾ ਕਾਰਨ ਗ਼ਰੀਬੀ ਬਣੀ ਹੈ। 10 ਕੇਸ ਅਜਿਹੇ ਹਨ ਜਿਨ੍ਹਾਂ ਵਿਚ ਇਕ ਤੋਂ ਜ਼ਿਆਦਾ ਲੋਕਾਂ ਨੇ ਇਕੱਠੇ ਖ਼ੁਦਕੁਸ਼ੀ ਕੀਤੀ ਹੈ। 1295 ਮਾਮਲਿਆਂ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਨੂੰ ਅੰਜਾਮ ਦਿੱਤਾ ਗਿਆ ਜਦੋਂ ਕਿ 592 ਵਿਅਕਤੀਆਂ ਨੇ ਸਲਫਾਸ ਨਿਗਲੀ।