#AMERICA

ਨਸ਼ਾ ਤਸਕਰੀ ਦੇ ਦੋਸ਼ ਹੇਠ ਅਮਰੀਕਾ ‘ਚ 2 ਪੰਜਾਬੀ ਗ੍ਰਿਫ਼ਤਾਰ

ਮਿਸ਼ੀਗਨ, 11 ਸਤੰਬਰ (ਪੰਜਾਬ ਮੇਲ)- ਅਮਰੀਕੀ ਅਧਿਕਾਰੀਆਂ ਨੇ ਕੈਨੇਡਾ ਤੇ ਅਮਰੀਕਾ ਦੀ ਸਰਹੱਦ ‘ਤੇ ਨਸ਼ਾ ਤਸਕਰੀ ਦੇ ਮਾਮਲੇ ‘ਚ 2 ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ‘ਤੇ ਇਕਬਾਲ ਅਤੇ ਰਣਜੀਤ ਦੇ ਟਰੱਕ ਵਿਚੋਂ 37.5 ਲੱਖ ਡਾਲਰ ਦੇ ਮੁੱਲ ਦੀ ਕੋਕੀਨ ਮਿਲਣ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਉਹ ਕੈਨੇਡਾ ਦੇ ਰਹਿਣ ਵਾਲੇ ਹਨ ਤੇ ਮਿਸ਼ੀਗਨ (ਅਮਰੀਕਾ) ਤੋਂ ਬਲੂ ਵਾਟਰ ਬਰਿੱਜ ਰਾਹੀਂ ਸਾਰਨੀਆ (ਕੈਨੇਡਾ) ਵੱਲ੍ਹ ਜਾ ਰਹੇ ਸਨ। ਕਸਟਮਜ਼ ਅਧਿਕਾਰੀਆਂ ਨੇ ਉਨ੍ਹਾਂ ਦਾ ਟਰੱਕ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ ਵਿਚੋਂ ਇਕ ਕੁਇੰਟਲ ਤੋਂ ਵੱਧ ਕੋਕੀਨ ਦੀਆਂ 115 ਇੱਟਾਂ ਦੇ ਭਰੇ ਹੋਏ 27 ਬੈਗ ਮਿਲੇ ਸਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਕਬਾਲ ਤੇ ਰਣਜੀਤ ਵੱਡੇ ਪੱਧਰ ‘ਤੇ ਨਸ਼ੇ ਦੇ ਧੰਦੇ ਵਿਚ ਸ਼ਾਮਲ ਹਨ। ਦੋਵਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾ ਚੁੱਕਾ ਹੈ।
ਇਸ ਤੋਂ ਇਲਾਵਾ ਦੋ ਕੁ ਮਹੀਨੇ ਪਹਿਲਾਂ ਵੀ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਉੱਪਰ ਬਣੇ ਇਸੇ ਪੁਲ ‘ਤੇ ਪੰਜਾਬੀ ਨੌਜਵਾਨ ਜਸਦੀਪ ਬਰਾੜ ਕੋਲੋਂ 1 ਕਿੱਲੋ ਕੋਕੀਨ ਬਰਾਮਦ ਹੋਈ ਸੀ। ਪੁਲਸ ਵੱਲੋਂ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ।