#PUNJAB

ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਤਹਿਤ ਪੰਜਾਬ Police ਵੱਲੋਂ 202 ਐੱਫ.ਆਈ.ਆਰਜ਼ ਦਰਜ; 1.9 ਕਿਲੋ ਹੈਰੋਇਨ, 6.80 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

– 19 ਕਿਲੋ ਹੈਰੋਇਨ ਬਰਾਮਦ: ਪੰਜਾਬ ਪੁਲਿਸ ਨੇ ਮੰਨੂ ਮਹਾਵਾ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ; 3.5 ਕਿਲੋ ਹੈਰੋਇਨ ਬਰਾਮਦ
-600 ਤੋਂ ਵੱਧ ਪੁਲਿਸ ਟੀਮਾਂ ਨੇ ਪੰਜਾਬ ‘ਚ 268 ਡਰੱਗ ਹਾਟਸਪੌਟਸ ‘ਤੇ ਚਲਾਇਆ ਤਲਾਸ਼ੀ ਤੇ ਘੇਰਾਬੰਦੀ ਅਭਿਆਨ ਚਲਾਇਆ
ਚੰਡੀਗੜ੍ਹ, 8 ਜਨਵਰੀ (ਪੰਜਾਬ ਮੇਲ)- ਪੰਜਾਬ ਪੁਲਿਸ ਨੇ ਨਸ਼ਿਆਂ ਦੀ ਖ਼ਰੀਦ-ਫਰੋਖ਼ਤ ਜਾਂ ਹੋਰ ਗਤੀਵਿਤਧੀਆਂ ਸਬੰਧੀ ਸੰਵੇਦਨਸ਼ੀਲ ਥਾਵਾਂ ਵਿਚ ਵੱਡੇ ਪੱਧਰ ‘ਤੇ ਰਾਜ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (ਕਾਸੋ) ਚਲਾਇਆ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਇਹ ਅਭਿਆਨ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਚਲਾਇਆ ਗਿਆ।
ਸਪੈਸ਼ਲ ਡੀ.ਜੀ.ਪੀ. ਨੇ ਦੱਸਿਆ ਕਿ 9000 ਤੋਂ ਵੱਧ ਪੁਲਿਸ ਕਰਮੀਆਂ ਦੀ ਨਫ਼ਰੀ ਵਾਲੀਆਂ 600 ਤੋਂ ਵੱਧ ਪੁਲਿਸ ਟੀਮਾਂ ਨੇ 268 ਡਰੱਗ ਹੌਟਸਪੌਟਸ ਦੀ ਘੇਰਾਬੰਦੀ ਕੀਤੀ ਅਤੇ 5505 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ।
ਆਪਰੇਸ਼ਨ ਦੌਰਾਨ, ਪੁਲਿਸ ਨੇ 202 ਐੱਫ.ਆਈ.ਆਰ. ਦਰਜ ਕਰਕੇ 48 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 21 ਭਗੌੜੇ ਅਪਰਾਧੀਆਂ (ਪੀ.ਓ.) ਨੂੰ ਵੀ ਹਿਰਾਸਤ ਵਿਚ ਲਿਆ ।
ਇਸ ਸਬੰਧੀ ਨਤੀਜੇ ਸਾਂਝੇ ਕਰਦਿਆਂ ਸਪੈਸ਼ਲ ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 1.9 ਕਿਲੋ ਹੈਰੋਇਨ, 6.80 ਲੱਖ ਰੁਪਏ ਦੀ ਡਰੱਗ ਮਨੀ, 1.1 ਕਿਲੋ ਅਫੀਮ, 87.5 ਕਿਲੋ ਭੁੱਕੀ, 10125 ਨਸ਼ੀਲੀਆਂ ਗੋਲੀਆਂ, 18 ਟੀਕੇ, 885 ਲੀਟਰ ਨਜਾਇਜ਼ ਸ਼ਰਾਬ ਅਤੇ 12350 ਲੀਟਰ ਲਾਹਣ ਦੀ ਬਰਾਮਦਗੀ ਤੋਂ ਇਲਾਵਾ 16 ਮੋਟਰਸਾਈਕਲ ਅਤੇ ਇਕ ਕਾਰ ਵੀ ਜ਼ਬਤ ਕੀਤੀ ਹੈ।
19 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਦੀ ਜ਼ੋਰਦਾਰ ਪੜਤਾਲ ਤੋਂ ਅੱਗੇ ਵਧਦਿਆਂ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਮੰਨੂ ਮਹਾਵਾ ਗਿਰੋਹ ਦੇ ਤਿੰਨ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ 3.5 ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਹੈ। ਇਸ ਕੇਸ ਵਿੱਚ ਹੁਣ ਹੈਰੋਇਨ ਦੀ ਕੁੱਲ ਬਰਾਮਦਗੀ 22.5 ਕਿਲੋ ਹੋ ਗਈ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਰਾਜ ਸਿੰਘ ਉਰਫ ਕਾਕਾ ਵਾਸੀ ਪਿੰਡ ਲਾਹੌਰੀਮਲ, ਅੰਮ੍ਰਿਤਸਰ, ਅਨਮੋਲ ਸਿੰਘ ਉਰਫ ਲਾਲੂ ਅਤੇ ਸਰਬਜੀਤ ਸਿੰਘ ਦੋਵੇਂ ਵਾਸੀ ਰਾਂਝੇ ਦੀ ਹਵੇਲੀ, ਅੰਮ੍ਰਿਤਸਰ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਤਿੰਨ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਾਲ ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 10 ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਹੈਰੋਇਨ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਟੀਮਾਂ ਨੇ ਇਨ੍ਹਾਂ ਦੋਸ਼ੀਆਂ ਕੋਲੋਂ .30 ਬੋਰ ਦੇ 10 ਜਿੰਦਾ ਕਾਰਤੂਸ ਅਤੇ 9 ਐੱਮ.ਐੱਮ. ਦੇ 9 ਜਿੰਦਾ ਕਾਰਤੂਸਾਂ ਸਣੇ ਇੱਕ ਕਾਰ (ਸਫਾਰੀ) ਵੀ ਬਰਾਮਦ ਕੀਤੀ ਹੈ।
ਇਹ ਕਾਰਵਾਈ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਅਮਰੀਕਾ ਸਥਿਤ ਤਸਕਰ ਮਨਪ੍ਰੀਤ ਉਰਫ਼ ਮੰਨੂ ਮਹਾਵਾ ਵੱਲੋਂ ਚਲਾਏ ਜਾ ਰਹੇ ਸਰਹੱਦ ਪਾਰ ਨਸ਼ਾ ਅਤੇ ਹਥਿਆਰ ਤਸਕਰੀ ਰੈਕੇਟ ਦਾ ਪਰਦਾਫਾਸ਼ ਕਰਨ ਤੋਂ ਲਗਭਗ ਹਫ਼ਤੇ ਬਾਅਦ ਅਮਲ ਵਿਚ ਲਿਆਂਦੀ ਗਈ ਹੈ। ਦੱਸਣਯੋਗ ਹੈ ਉਕਤ ਰੈਕੇਟ ਵਿਰੁੱਧ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਮੁੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 19 ਕਿਲੋ ਹੈਰੋਇਨ, 23 ਲੱਖ ਰੁਪਏ ਦੀ ਡਰਗ ਮਨੀ, 7 ਪਿਸਤੌਲਾਂ ਸਮੇਤ ਇੱਕ 9 ਐੱਮ.ਐੱਮ. ਗਲਾਕ ਅਤੇ ਡਰੋਨ ਦੇ ਕਲ-ਪੁਰਜ਼ੇ ਬਰਾਮਦ ਕੀਤੇ ਸਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਾਂਟਡ ਮੁਲਜ਼ਮ ਅਨਮੋਲ ਸਿੰਘ ਉਰਫ਼ ਲਾਲੂ ਨੂੰ ਉਸਦੇ ਸਾਥੀਆਂ ਸਮੇਤ ਸੁਲਤਾਨਵਿੰਡ ਦੇ ਇਲਾਕੇ ਵਿਚ ਦੇਖੇ ਜਾਣ ਦੀ ਪੁਖ਼ਤਾ ਇਤਲਾਹ ਦੇ ਆਧਾਰ ‘ਤੇ ਡੀ.ਸੀ.ਪੀ. ਹਰਪ੍ਰੀਤ ਸਿੰਘ ਮੰਡੇਰ, ਏ.ਡੀ.ਸੀ.ਪੀ. ਸਿਟੀ-3 ਅਭਿਮਨੀਊ ਰਾਣਾ, ਏਸੀਪੀ ਸਰਬਜੀਤ ਸਿੰਘ ਬਾਜਵਾ ਦੀ ਨਿਗਰਾਨੀ ਵਿਚ ਸੀ.ਆਈ.ਏ. ਸਟਾਫ਼-3 ਦੀ ਪੁਲਿਸ ਟੀਮ ਨੇ ਵਿਸ਼ੇਸ਼ ਨਾਕਾਬੰਦੀ ਕਰ ਕੇ ਤਿੰਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।