#CANADA

ਨਵੇਂ ਆਏ ਪ੍ਰਵਾਸੀ ਮਹਿੰਗਾਈ ਕਾਰਨ ਕੈਨੇਡਾ ਛੱਡਣ ਲਈ ਹੋ ਰਹੇ ਨੇ ਮਜਬੂਰ

ਟੋਰਾਂਟੋ, 11 ਦਸੰਬਰ (ਪੰਜਾਬ ਮੇਲ)- ਕੈਨੇਡਾ ‘ਚ ਬਿਹਤਰ ਭਵਿੱਖ ਤਲਾਸ਼ਣ ਗਏ ਪ੍ਰਵਾਸੀਆਂ ਨੂੰ ਉਥੋਂ ਦੀ ਰਹਿਣ-ਸਹਿਣ ਦੀ ਵਧ ਰਹੀ ਲਾਗਤ ਨੇ ਮੁਸ਼ਕਿਲਾਂ ‘ਚ ਪਾ ਦਿੱਤਾ ਹੈ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਈ ਨਵੇਂ ਆਏ ਪ੍ਰਵਾਸੀ ਮੁਲਕ ਛੱਡ ਰਹੇ ਹਨ। ਕੈਨੇਡਾ ‘ਚ ਵਧੇ ਹੋਏ ਕਿਰਾਏ ਤੇ ਮਕਾਨ ਬਣਾਉਣ ਲਈ ਲਏ ਕਰਜ਼ਿਆਂ ਦੀਆਂ ਵਿਆਜ ਦਰਾਂ ਵਧਣ ਕਾਰਨ ਉਨ੍ਹਾਂ ਨੂੰ ਗੁਜ਼ਰ-ਬਸਰ ਕਰਨ ਲਈ ਦੋ-ਚਾਰ ਹੋਣਾ ਪੈ ਰਿਹਾ ਹੈ, ਜਿਸ ਕਾਰਨ ਵੱਡੀ ਗਿਣਤੀ ਪ੍ਰਵਾਸੀਆਂ ਨੇ ਕੈਨੇਡਾ ਤੋਂ ਆਪਣੇ ਪਿਤਰੀ ਰਾਜਾਂ ਨੂੰ ਚਾਲੇ ਪਾ ਦਿੱਤੇ ਹਨ।
ਟਰੂਡੋ ਸਰਕਾਰ ਨੇ ਆਪਣੀਆਂ ਨੀਤੀਆਂ ਕਾਰਨ ਚਿੰਤਾਜਨਕ ਹਾਲਾਤ ਪੈਦਾ ਕਰ ਲਏ ਹਨ। ਟਰੂਡੋ ਸਰਕਾਰ ਦੀਆਂ ਨੀਤੀਆਂ ਕਾਰਨ ਇੰਝ ਲੱਗਦਾ ਹੈ ਕਿ ਕੈਨੇਡਾ ਨੇ ਹੁਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ‘ਚ ਆਪਣਾ ਆਕਰਸ਼ਣ ਗੁਆ ਦਿੱਤਾ ਹੈ। ਰਹਿਣ-ਸਹਿਣ ਦੀ ਵਧਦੀ ਲਾਗਤ ਅਤੇ ਕਿਰਾਏ ਦੇ ਵਿਕਲਪਾਂ ਦੀ ਘਾਟ ਕਾਰਨ ਰੀਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਰਹੀ ਹੈ, ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਨੂੰ ਦਰਸਾਉਂਦੀ ਹੈ।
ਅਧਿਕਾਰਤ ਅੰਕੜਿਆਂ ਅਨੁਸਾਰ 2023 ਦੇ ਪਹਿਲੇ ਛੇ ਮਹੀਨਿਆਂ ‘ਚ ਲਗਭਗ 42,000 ਲੋਕਾਂ ਨੇ ਕੈਨੇਡਾ ਛੱਡਿਆ, ਇਸ ਤੋਂ ਇਲਾਵਾ 2022 ਵਿੱਚ 93,818 ਲੋਕਾਂ ਨੇ ਕੈਨੇਡਾ ਛੱਡਿਆ ਅਤੇ 2021 ਵਿੱਚ 85,927 ਲੋਕਾਂ ਨੇ ਕੈਨੇਡਾ ਛੱਡ ਦਿੱਤਾ। ਇੱਕ ਇਮੀਗ੍ਰੇਸ਼ਨ ਐਡਵੋਕੇਸੀ ਗਰੁੱਪ, ਇੰਸਟੀਚਿਊਟ ਫਾਰ ਕੈਨੇਡੀਅਨ ਸਿਟੀਜ਼ਨਸ਼ਿਪ (ਆਈ.ਸੀ.ਸੀ.) ਦੀ ਇੱਕ ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2019 ਵਿਚ ਦੇਸ਼ ਛੱਡਣ ਦੀ ਦਰ ਸਭ ਤੋਂ ਵੱਧ ਸੀ, ਜਦੋਂ ਇਹ ਦੋ ਦਹਾਕਿਆਂ ਦੇ ਉੱਚੇ ਪੱਧਰ ‘ਤੇ ਪਹੁੰਚ ਗਈ ਸੀ।
‘ਸਟੈਟਿਸਟਿਕਸ ਕੈਨੇਡਾ’ ਮੁਤਾਬਕ ਕੋਵਿਡ-19 ਤਾਲਾਬੰਦੀ ਦੌਰਾਨ ਸੰਖਿਆ ਘਟੀ ਸੀ ਪਰ ਇਸ ਰੁਝਾਨ ਨੇ ਇੱਕ ਵਾਰ ਫਿਰ ਰਫ਼ਤਾਰ ਫੜੀ ਹੈ। ਜਦੋਂਕਿ ਇਹ ਉਸੇ ਸਮੇਂ ਦੌਰਾਨ ਦੇਸ਼ ਵਿਚ ਆਏ 263,000 ਲੋਕਾਂ ਦਾ ਇੱਕ ਹਿੱਸਾ ਹੈ। ਦੇਸ਼ ਛੱਡਣ ਵਾਲਿਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਕੁਝ ਨਿਰੀਖਕਾਂ ਨੂੰ ਸੁਚੇਤ ਕਰ ਰਿਹਾ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਜੀਵਨ ਦੀ ਉੱਚ ਕੀਮਤ ਉਨ੍ਹਾਂ ਲਈ ਕੈਨੇਡਾ ਵਿਚ ਬਣੇ ਰਹਿਣਾ ਮੁਸ਼ਕਲ ਬਣਾ ਰਹੀ ਹੈ। ਕੈਨੇਡਾ ਦੀ ਜ਼ਿਆਦਾਤਰ ਆਬਾਦੀ ਵੱਡੀ ਉਮਰ ਦੀ ਹੈ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਪ੍ਰਵਾਸੀਆਂ ‘ਤੇ ਨਿਰਭਰ ਹੈ।
ਰਹਿਣ-ਸਹਿਣ ਦੀ ਲਾਗਤ ‘ਚ ਵਾਧਾ ਅਤੇ ਹੋਰ ਖਰਚੇ ਜ਼ਿਆਦਾ ਹਨ, ਜੋ ਬਹੁਤ ਸਾਰੇ ਲੋਕਾਂ ਨੂੰ ਕੈਨੇਡਾ ਵਿਚ ਸਥਾਈ ਨਿਵਾਸ ਲੈਣ ਤੋਂ ਦੂਰ ਕਰ ਰਿਹਾ ਹੈ।