#INDIA

ਨਵੀਂ ਸੰਸਦ ਦੀ ਸੁਰੱਖਿਆ ‘ਚ ਸੰਨ੍ਹ, 2 ਵਿਅਕਤੀ ਦਰਸ਼ਕ ਗੈਲਰੀ ‘ਚੋਂ ਛਾਲ ਮਾਰ ਕੇ ਲੋਕ ਸਭਾ ਚੈਂਬਰ ‘ਚ ਹੋਏ ਦਾਖਲ

ਪੁਰਾਣੇ ਸੰਸਦ ਭਵਨ ‘ਤੇ ਹਮਲੇ ਦੀ ਬਰਸੀ ਮੌਕੇ ਵਾਪਰੀ ਘਟਨਾ
* ਗੈਸ ਕੈਨਿਸਟਰਾਂ ਨਾਲ ਛੱਡਿਆ ਧੂੰਆਂ, ਦੋ ਜਣਿਆਂ ਵੱਲੋਂ ਸੰਸਦ ਦੇ ਬਾਹਰ ਪ੍ਰਦਰਸ਼ਨ

ਨਵੀਂ ਦਿੱਲੀ, 14 ਦਸੰਬਰ (ਪੰਜਾਬ ਮੇਲ)-ਦੇਸ਼ ਦੀ ਸੰਸਦ ਉੱਤੇ 2001 ਵਿਚ ਹੋਏ ਦਹਿਸ਼ਤੀ ਹਮਲੇ ਦੀ ਬਰਸੀ ਮੌਕੇ ਬੁੱਧਵਾਰ ਨੂੰ ਨਵੀਂ ਸੰਸਦੀ ਇਮਾਰਤ ਵਿਚ ਉਦੋਂ ਵੱਡੀ ਸੁਰੱਖਿਆ ਸੰਨ੍ਹ ਲੱਗ ਗਈ ਜਦੋਂ ਸਿਫ਼ਰ ਕਾਲ ਦੌਰਾਨ ਦੋ ਵਿਅਕਤੀ ਪਬਲਿਕ ਗੈਲਰੀ ਵਿਚੋਂ ਛਾਲ ਮਾਰ ਕੇ ਲੋਕ ਸਭਾ ਚੈਂਬਰ ਵਿਚ ਦਾਖ਼ਲ ਹੋ ਗਏ। ਸੰਸਦ ਮੈਂਬਰਾਂ ਨੇ ਹਾਲਾਂਕਿ ਦੋਵਾਂ ਨੂੰ ਕਾਬੂ ਕਰ ਲਿਆ ਪਰ ਇਸ ਤੋਂ ਪਹਿਲਾਂ ਦੋਵਾਂ ਨੇ ਛੋਟੇ ਕੈਨਿਸਟਰਾਂ ਵਿਚੋਂ ਪੀਲਾ ਧੂੰਆਂ ਛੱਡਿਆ ਤੇ ਨਾਅਰੇਬਾਜ਼ੀ ਕੀਤੀ। ਠੀਕ ਉਸੇ ਵੇਲੇ ਦੋ ਹੋਰ ਵਿਅਕਤੀਆਂ, ਜਿਨ੍ਹਾਂ ਵਿਚ ਇਕ ਮਹਿਲਾ ਵੀ ਸ਼ਾਮਲ ਸੀ, ਨੇ ਸੰਸਦ ਦੇ ਬਾਹਰ ਕੈਨਿਸਟਰਾਂ ਵਿਚੋਂ ਰੰਗਦਾਰ ਗੈਸ ਸਪਰੇਅ ਕੀਤੀ ਤੇ ‘ਤਾਨਾਸ਼ਾਹੀ ਨਹੀਂ ਚੱਲੇਗੀ’, ‘ਭਾਰਤ ਮਾਤਾ ਕੀ ਜੈ’ ਤੇ ‘ਜੈ ਭੀਮ ਜੈ ਭਾਰਤ’ ਦੇ ਨਾਅਰੇ ਵੀ ਲਾਏ। ਸੁਰੱਖਿਆ ਬਲਾਂ ਨੇ ਇਨ੍ਹਾਂ ਚਾਰਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸ ਦੌਰਾਨ ਵਿਰੋਧੀ ਧਿਰਾਂ ਨੇ ਸਪੀਕਰ ਓਮ ਬਿਰਲਾ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਦੌਰਾਨ ਸੁਰੱਖਿਆ ‘ਚ ਸੰਨ੍ਹ ਦੇ ਮੁੱਦੇ ‘ਤੇ ਫ਼ਿਕਰ ਜਤਾਇਆ।

ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈਂਦੀ ਹੋਈ ਪੁਲਿਸ।

ਲੋਕ ਸਭਾ ਦੀ ਘਟਨਾ ਵਿਚ ਸ਼ਾਮਲ ਦੋ ਵਿਅਕਤੀਆਂ ਦੀ ਪਛਾਣ ਸਾਗਰ ਸ਼ਰਮਾ ਤੇ ਮਨੋਰੰਜਨ ਵਜੋਂ ਹੋਈ ਹੈ। ਸ਼ਰਮਾ ਵਿਜ਼ਿਟਰ ਗੈਲਰੀ ਵਿਚ ਮੈਸੂਰੂ ਤੋਂ ਲੋਕ ਸਭਾ ਮੈਂਬਰ ਪ੍ਰਤਾਪ ਸਿਮ੍ਹਾ ਦੇ ਮਹਿਮਾਨ ਵਜੋਂ ਆਇਆ ਸੀ। ਘੁਸਪੈਠ ਮਗਰੋਂ ਸੰਸਦੀ ਅਹਾਤੇ ਵਿਚ ਵਿਜ਼ਿਟਰਾਂ ਦਾ ਦਾਖ਼ਲਾ ਰੋਕ ਦਿੱਤਾ ਗਿਆ। ਜਿਨ੍ਹਾਂ ਵਿਅਕਤੀਆਂ ਕੋਲ ਵੈਧ ਵਿਜ਼ਿਟਰ ਪਾਸ ਸਨ, ਉਨ੍ਹਾਂ ਨੂੰ ਰਿਸੈਪਸ਼ਨ ਖੇਤਰ ਵਿਚੋਂ ਹੀ ਮੋੜ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਹਾਲ ਦੀ ਘੜੀ ਉਨ੍ਹਾਂ ਕੋਲ ਵਿਜ਼ਿਟਰਾਂ ਦੇ ਦਾਖ਼ਲੇ ‘ਤੇ ‘ਪਾਬੰਦੀ’ ਸਬੰਧੀ ਕੋਈ ਲਿਖਤੀ ਹਦਾਇਤਾਂ ਨਹੀਂ ਹਨ। ਆਮ ਕਰਕੇ ਵਿਜ਼ਿਟਰ ਪਾਸ ਦੋ ਘੰਟਿਆਂ ਲਈ ਜਾਰੀ ਕੀਤੇ ਜਾਂਦੇ ਹਨ। ਉਂਜ ਘੁਸਪੈਠ ਦੀ ਇਸ ਘਟਨਾ ਤੋਂ ਪਹਿਲਾਂ ਦਿਨੇ ਕੁਝ ਸੰਸਦ ਮੈਂਬਰਾਂ ਦੀਆਂ ਪਤਨੀਆਂ ਨੇ ਨਵੀਂ ਸੰਸਦੀ ਇਮਾਰਤ ਦਾ ਦੌਰਾ ਕੀਤਾ ਸੀ। ਸਦਨ ਵਿਚ ਮੌਜੂਦ ਕਈ ਸੰਸਦ ਮੈਂਬਰਾਂ ਮੁਤਾਬਕ ਇਹ ਦੋਵੇਂ ਬਾਅਦ ਦੁਪਹਿਰ ਇਕ ਵਜੇ ਦੇ ਕਰੀਬ ਪਬਲਿਕ ਗੈਲਰੀ ‘ਚੋਂ ਛਾਲ ਮਾਰ ਕੇ ਲੋਕ ਸਭਾ ਚੈਂਬਰ ਵਿਚ ਦਾਖਲ ਹੋਏ। ਇਨ੍ਹਾਂ ਵਿਚੋਂ ਇਕ ਨੂੰ ਸਦਨ ਦੇ ਬੈਂਚ ‘ਤੇ ਛਾਲਾਂ ਮਾਰਦਿਆਂ, ਜਦੋਂਕਿ ਦੂਜੇ ਨੂੰ ਉਸ ਦੇ ਪਿੱਛੇ-ਪਿੱਛੇ ਗੈਲਰੀ ‘ਚੋਂ ਲਮਕਦਿਆਂ ਦੇਖਿਆ ਗਿਆ।
ਭਾਜਪਾ ਮੈਂਬਰ ਰਾਜੇਂਦਰ ਅਗਰਵਾਲ, ਜੋ ਉਸ ਮੌਕੇ ਸਦਨ ਦੀ ਕਾਰਵਾਈ ਚਲਾ ਰਹੇ ਸਨ, ਨੇ ਲੋਕ ਸਭਾ ਚੈਂਬਰ ਦਾ ਇਕ ਹਿੱਸਾ ਪੀਲੇ ਰੰਗ ਦੇ ਧੂੰਏਂ ਨਾਲ ਭਰਨ ਕਰਕੇ ਸਦਨ ਦੀ ਕਾਰਵਾਈ ਬਾਅਦ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਸਦਨ ਮੁੜ ਜੁੜਿਆ ਤਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ, ”ਦੋ ਘੁਸਪੈਠੀਆਂ ਨੂੰ ਸੰਸਦ ਦੇ ਅੰਦਰੋਂ ਤੇ ਦੋ ਨੂੰ ਬਾਹਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦਾ ਸਾਰਾ ਸਾਮਾਨ ਜ਼ਬਤ ਕਰ ਲਿਆ ਗਿਆ ਹੈ… ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।” ਸੰਸਦ ਦੀ ਸੁਰੱਖਿਆ ‘ਚ ਸੰਨ੍ਹ ਲਾਉਣ ਵਾਲੇ ਪ੍ਰਦਰਸ਼ਨਕਾਰੀ ਕਿਸ ਜਥੇਬੰਦੀ ਨਾਲ ਸਬੰਧਤ ਹਨ, ਭਾਵੇਂ ਇਸ ਬਾਰੇ ਫੌਰੀ ਕੁਝ ਪਤਾ ਨਹੀਂ ਲੱਗ ਸਕਿਆ, ਪਰ ਅਮਰੀਕਾ ਅਧਾਰਿਤ ਖਾਲਿਸਤਾਨੀ ਦਹਿਸ਼ਤਗਰਦ ਗੁਰਪਤਵੰਤ ਸਿੰਘ ਪੰਨੂ ਨੇ ਅਜੇ ਪਿਛਲੇ ਦਿਨੀਂ ਇਕ ਵੀਡੀਓ ਜਾਰੀ ਕਰਕੇ ਭਾਰਤ ਦੀ ਸੰਸਦ ‘ਤੇ 13 ਦਸੰਬਰ ਜਾਂ ਇਸ ਤੋਂ ਬਾਅਦ ਹਮਲਾ ਕਰਨ ਦੀ ਧਮਕੀ ਦਿੱਤੀ ਸੀ। ਬਿਰਲਾ ਨੇ ਇਸ ਮਸਲੇ ਨਾਲ ਜੁੜੇ ਫਿਕਰਾਂ ਨੂੰ ਮੁਖਾਤਿਬ ਹੋਣ ਲਈ ਮਗਰੋਂ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨਾਲ ਬੈਠਕ ਵੀ ਕੀਤੀ।
ਲੋਕ ਸਭਾ ਚੈਂਬਰ ‘ਚ ਘੁਸਪੈਠ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਾਲੇ ਸੰਸਦ ਮੈਂਬਰਾਂ ਨੇ ਕਿਹਾ, ”ਇਨ੍ਹਾਂ ਵਿਚੋਂ ਇਕ ਕਹਿ ਰਿਹਾ ਸੀ ਕਿ ਮੈਂ ਦੇਸ਼ ਭਗਤ ਹਾਂ ਤੇ ਇਥੇ ਰੋਸ ਪ੍ਰਗਟਾਉਣ ਲਈ ਆਇਆ ਹਾਂ।” ਕਈ ਲੋਕ ਸਭਾ ਮੈਂਬਰਾਂ ਨੇ ਇਨ੍ਹਾਂ ਘੁਸਪੈਠੀਆਂ ਨੂੰ ਸੁਰੱਖਿਆ ਅਮਲੇ ਦੇ ਹਵਾਲੇ ਕਰਨ ਤੋਂ ਪਹਿਲਾਂ ਇਨ੍ਹਾਂ ਦੀ ਭੁਗਤ ਵੀ ਸੰਵਾਰੀ। ਜੇ.ਡੀ.ਯੂ. ਮੈਂਬਰ ਰਾਮਪ੍ਰੀਤ ਮੰਡਲ ਨੇ ਕਿਹਾ ਕਿ ਘੁਸਪੈਠੀਆਂ ਨੇ ਆਪਣੇ ਬੂਟਾਂ ‘ਚ ਗੈਸ ਕੈਨਿਸਟਰ ਲੁਕਾਏ ਹੋਏ ਸਨ ਤੇ ਉਨ੍ਹਾਂ ਲੋਕ ਸਭਾ ਚੈਂਬਰ ਵਿਚ ਪੀਲੇ ਰੰਗ ਦੀ ਗੈਸ ਸਪਰੇਅ ਕੀਤੀ। ਮੰਡਲ, ਜੋ ਇਕ ਘੁਸਪੈਠੀਏ ਦੇ ਬਹੁਤ ਕਰੀਬ ਸੀ, ਨੇ ਕਿਹਾ ਕਿ ਆਰ.ਐੱਲ.ਪੀ. ਮੈਂਬਰ ਹਨੂਮਾਨ ਬੈਨੀਵਾਲ ਤੇ ਹੋਰਨਾਂ ਮੈਂਬਰਾਂ ਨੇ ਉਸ ਨੂੰ ਕਾਬੂ ਕੀਤਾ। ਮੰਡਲ ਨੇ ਕਿਹਾ, ”ਇਨ੍ਹਾਂ ਵਿਚੋਂ ਇਕ ‘ਤਾਨਾਸ਼ਾਹੀ ਨਹੀਂ ਚੱਲੇਗੀ’ ਦੇ ਨਾਅਰੇ ਲਾ ਰਿਹਾ ਸੀ।” ਟੀ.ਐੱਮ.ਸੀ. ਆਗੂ ਸੁਦੀਪ ਬੰਧੋਪਾਧਿਆਏ ਨੇ ਕਿਹਾ, ”ਅਚਾਨਕ ਸਦਨ ਵਿਚ ਖਲਬਲੀ ਮਚ ਗਈ। ਇਕ ਵਿਅਕਤੀ ਸਦਨ ਵਿਚ ਇਕ ਤੋਂ ਦੂਜੇ ਬੈਂਚ ‘ਤੇ ਛਾਲਾਂ ਮਾਰਦਾ ਨਜ਼ਰ ਆਇਆ। ਇਹ ਬਹੁਤ ਬੇਚੈਨ ਕਰਨ ਵਾਲੇ ਪਲ ਸਨ, ਕੁਝ ਵੀ ਹੋ ਸਕਦਾ ਸੀ। ਮੈਂ ਸੋਚਿਆ, ਜੇ ਉਸ ਦੀ ਜੇਬ ਵਿਚ ਬੰਬ ਜਾਂ ਕੁਝ ਹੋਰ ਵਿਸਫੋਟਕ ਹੁੰਦਾ? ਇਹ ਬਹੁਤ ਗੰਭੀਰ ਸੁਰੱਖਿਆ ਕੋਤਾਹੀ ਹੈ।”
ਲੋਕ ਸਭਾ ਮੈਂਬਰ ਦਾਨਿਸ਼ ਅਲੀ ਨੇ ਕਿਹਾ, ”ਦੋ ਵਿਅਕਤੀਆਂ ਨੇ ਜਨਤਕ ਗੈਲਰੀ ‘ਚੋਂ ਛਾਲ ਮਾਰੀ, ਧੂੰਆਂ ਸੀ ਤੇ ਹਰ ਕੋਈ ਭੱਜ ਰਿਹਾ ਸੀ। ਕੁਝ ਸੰਸਦ ਮੈਂਬਰਾਂ ਤੇ ਸੁਰੱਖਿਆ ਅਮਲੇ ਨੇ ਉਨ੍ਹਾਂ ਨੂੰ ਫੜ ਲਿਆ। ਇਨ੍ਹਾਂ ਵਿਚੋਂ ਇਕ ਦੀ ਪਛਾਣ ਸਾਗਰ ਵਜੋਂ ਹੋਈ ਹੈ। ਉਹ ਮੈਸੂਰੂ ਤੋਂ ਸੰਸਦ ਮੈਂਬਰ ਪ੍ਰਤਾਪ ਸਿਮ੍ਹਾ ਦਾ ਮਹਿਮਾਨ ਸੀ।” ਅਲੀ ਨੇ ਕਿਹਾ, ”ਇਹ ਵੱਡੀ ਸੁਰੱਖਿਆ ਕੋਤਾਹੀ ਹੈ। ਬੁੱਧਵਾਰ ਸੰਸਦ ‘ਤੇ ਹਮਲੇ ਦੀ ਬਰਸੀ ਸੀ। ਇਹ ਜਾਂਚ ਦਾ ਵਿਸ਼ਾ ਹੈ।” ਕਾਂਗਰਸੀ ਮੈਂਬਰ ਕਾਰਤੀ ਚਿਦੰਬਰਮ ਨੇ ਕਿਹਾ ਕਿ ਦੋ ਵਿਅਕਤੀਆਂ ਨੇ ਕੈਨਿਸਟਰ ਕੱਢੇ, ਜਿਨ੍ਹਾਂ ਵਿਚੋਂ ਪੀਲਾ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਕਿਹਾ, ”ਇਹ ਧੂੰਆਂ ਜ਼ਹਿਰੀਲਾ ਹੋ ਸਕਦਾ ਸੀ। ਇਹ ਵੱਡੀ ਸੁਰੱਖਿਆ ਕੋਤਾਹੀ ਹੈ।” ਡੀ.ਐੱਮ.ਕੇ. ਮੈਂਬਰ ਡੀ.ਐੱਨ.ਵੀ. ਸੈਂਤਿਲ ਕੁਮਾਰ ਨੇ ਐਕਸ ‘ਤੇ ਕਿਹਾ, ”ਉਹ ਸਦਨ ਦੇ ਐਨ ਵਿਚਾਲੇ ਖੁੱਲ੍ਹੀ ਥਾਂ ਵੱਲ ਵਧ ਰਹੇ ਸਨ ਤੇ ਉਨ੍ਹਾਂ ਦੇ ਹੱਥਾਂ ਵਿਚ ਸਟਿੱਕਸ ਸਨ, ਜਿਸ ‘ਚੋਂ ਧੂੰਆਂ ਨਿਕਲ ਰਿਹਾ ਸੀ। ਸੁਰੱਖਿਆ ਨਾਲ ਸਮਝੌਤਾ ਹੋਇਆ ਹੈ।”
ਭਾਜਪਾ ਮੈਂਬਰ ਰਾਜੇਂਦਰ ਅਗਰਵਾਲ ਨੇ ਕਿਹਾ, ”ਯਕੀਨੀ ਤੌਰ ‘ਤੇ ਚੋਰਮੋਰੀ ਹੈ। ਪਹਿਲਾਂ ਮੈਨੂੰ ਲੱਗਿਆ ਕੋਈ ਵਿਅਕਤੀ ਸ਼ਾਇਦ ਹੇਠਾਂ ਡਿੱਗਿਆ ਹੈ, ਪਰ ਜਦੋਂ ਦੂਜੇ ਵਿਅਕਤੀ ਨੇ ਛਾਲ ਮਾਰ ਕੇ ਹੇਠਾਂ ਆਉਣਾ ਸ਼ੁਰੂ ਕੀਤਾ, ਅਸੀਂ ਸਾਰੇ ਖ਼ਬਰਦਾਰ ਹੋ ਗਏ।” ਟੀ.ਐੱਮ.ਸੀ. ਸੰਸਦ ਮੈਂਬਰ ਕਲਿਆਣ ਬੈਨਰਜੀ ਨੇ ਕਿਹਾ, ”ਗ੍ਰਹਿ ਮੰਤਰੀ ਅਮਿਤ ਸ਼ਾਹ ਵੱਡੀਆਂ ਤਕਰੀਰਾਂ ਦਿੰਦੇ ਹਨ, ਪਰ ਸੰਸਦ ਦੀ ਸੁਰੱਖਿਆ ਬਰਕਰਾਰ ਨਹੀਂ ਰੱਖ ਸਕਦੇ। ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ।” ਕਾਂਗਰਸ ਆਗੂ ਗੌਰਵ ਗੋਗੋਈ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ, ”ਦੋ ਨੌਜਵਾਨਾਂ ਨੂੰ ਸੰਸਦ ਦੀ ਗੈਲਰੀ ਵਿਚ ਗੈਸ ਕੈਨਿਸਟਰਾਂ ਵਿਚੋਂ ਪੀਲੇ ਰੰਗ ਦਾ ਧੂੰਆਂ ਕੱਢਦੇ ਦੇਖਿਆ। ਸੰਸਦ ਮੈਂਬਰਾਂ ਨੇ ਭੱਜ ਕੇ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕੀਤਾ। ਇਕ ਵਿਅਕਤੀ ਨਾਅਰੇ ਮਾਰ ਰਿਹਾ ਸੀ। ਇਸ ਘਟਨਾ ਨੇ ਨਵੀਂ ਸੰਸਦੀ ਇਮਾਰਤ ਦੀ ਸੁਰੱਖਿਆ ਨਾਲ ਜੁੜੇ ਇਕ ਹੋਰ ਪਹਿਲੂ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।” ਸੰਸਦ ਦੇ ਬਾਹਰ ਦੋ ਵਿਅਕਤੀਆਂ, ਜਿਨ੍ਹਾਂ ਵਿਚ ਇਕ ਮਹਿਲਾ ਵੀ ਸੀ, ਨੇ ਹੱਥਾਂ ਵਿਚ ਗੈਸ ਕੈਨਿਸਟਰ, ਜਿਸ ਵਿਚੋਂ ਰੰਗਦਾਰ ਧੂੰਆਂ ਨਿਕਲ ਰਿਹਾ ਸੀ, ਫੜ ਕੇ ‘ਤਾਨਾਸ਼ਾਹੀ ਨਹੀਂ ਚੱਲੇਗੀ’, ‘ਭਾਰਤ ਮਾਤਾ ਕੀ ਜੈ’ ਤੇ ‘ਜੈ ਭੀਮ ਜੈ ਭਾਰਤ’ ਦੇ ਨਾਅਰੇ ਲਾਏ ਸਨ। ਉਂਜ ਇਸ ਘਟਨਾ ਮਗਰੋਂ ਸੰਸਦ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਸ ਦੌਰਾਨ ਸਪੀਕਰ ਓਮ ਬਿਰਲਾ ਵੱਲੋਂ ਸੱਦੀ ਸਰਬ ਪਾਰਟੀ ਮੀਟਿੰਗ ਦੌਰਾਨ ਵਿਰੋਧੀ ਧਿਰਾਂ ਨੇ ਸੁਰੱਖਿਆ ‘ਚ ਵੱਡੀ ਕੋਤਾਹੀ ਦੇ ਮੁੱਦੇ ‘ਤੇ ਫਿਕਰ ਜ਼ਾਹਿਰ ਕਰਦੇ ਹੋਏ ਮਾਮਲੇ ਦੀ ਜਾਂਚ ਤੇ ਨਵੀਂ ਸੰਸਦੀ ਇਮਾਰਤ ਵਿਚ ਸਖ਼ਤ ਸੁਰੱਖਿਆ ਉਪਰਾਲੇ ਲਾਗੂ ਕਰਨ ‘ਤੇ ਜ਼ੋਰ ਦਿੱਤਾ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਇਹ ਗੱਲ ਜਨਤਕ ਤੌਰ ‘ਤੇ ਪਤਾ ਸੀ ਕਿ ਇਕ ਦਹਿਸ਼ਤੀ ਜਥੇਬੰਦੀ 13 ਦਸੰਬਰ ਨੂੰ ਸੰਸਦ ‘ਤੇ ਹਮਲਾ ਕੀਤੇ ਜਾਣ ਦੀਆਂ ਵਿਉਂਤਾਂ ਘੜ ਰਹੀ ਹੈ ਤੇ ਇਹ ਜਾਣਕਾਰੀ ਸਰਕਾਰ ਕੋਲ ਵੀ ਉਪਲੱਬਧ ਸੀ। ਚੌਧਰੀ ਨੇ ਕਿਹਾ, ”ਇਸ ਦੇ ਬਾਵਜੂਦ ਸੁਰੱਖਿਆ ‘ਚ ਕੋਤਾਹੀ ਹੋਈ? ਡੀ.ਐੱਮ.ਕੇ. ਦੇ ਤਿਰੁਚੀ ਸ਼ਿਵਾ ਨੇ ਕਿਹਾ ਕਿ ਦਰਸ਼ਕ ਗੈਲਰੀ ਵਿਚੋਂ ਲੋਕ ਸਭਾ ਚੈਂਬਰ ਵਿਚ ਛਾਲ ਮਾਰਨ ਵਾਲਿਆਂ ਨੂੰ ਕੋਈ ਸੱਟ ਫੇਟ ਨਹੀਂ ਲੱਗੀ, ‘ਇੰਜ ਲੱਗਦੈ ਜਿਵੇਂ ਉਹ ਸਿਖਲਾਈਯਾਫ਼ਤਾ ਸਨ।” ਟੀ.ਐੱਮ.ਸੀ. ਦੇ ਸੁਦੀਪ ਬੰਧੋਪਾਧਿਆਏ ਨੇ ਕਿਹਾ, ”ਅਸੀਂ ਦੇਖਣਾ ਚਾਹੁੰਦੇ ਹਾਂ ਕਿ ਇਨ੍ਹਾਂ ਨੂੰ ਵਿਜ਼ਿਟਰ ਪਾਸ ਦਿਵਾਉਣ ‘ਚ ਮਦਦ ਕਰਨ ਵਾਲਿਆਂ ਖਿਲਾਫ਼ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ।”