* ਪੁਲਿਸ ਦੀ ਕਾਰਵਾਈ ਵਿਚ ਸ਼ੱਕੀ ਵੀ ਮਾਰਿਆ ਗਿਆ
ਸੈਕਰਾਮੈਂਟੋ, 11 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਨਵਾਡਾ ਰਾਜ ਦੇ ਲਾਸ ਵੇਗਾਸ ਕਾਲਜ ਕੈਂਪਸ ‘ਚ ਹੋਈ ਗੋਲੀਬਾਰੀ ਵਿਚ 3 ਵਿਅਕਤੀਆਂ ਦੇ ਮਾਰੇ ਜਾਣ ਤੇ 1 ਵਿਅਕਤੀ ਦੇ ਗੋਲੀਆਂ ਵੱਜਣ ਕਾਰਨ ਗੰਭੀਰ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਨੇ ਕਿਹਾ ਹੈ ਕਿ ਯੂਨੀਵਰਸਿਟੀ ਆਫ ਨੇਵਾਡਾ, ਲਾਗ ਵੇਗਾਸ ‘ਚ ਗੋਲੀ ਚੱਲਣ ਦੀ ਸੂਚਨਾ ਮਿਲਣ ‘ਤੇ ਪੁੱਜੇ ਪੁਲਿਸ ਅਫਸਰਾਂ ਦੀ ਜਵਾਬੀ ਕਾਰਵਾਈ ‘ਚ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ। ਗੋਲੀਬਾਰੀ ਦੀ ਘਟਨਾ ਦੁਪਹਿਰ ਦੇ ਖਾਣੇ ਵੇਲੇ ਵਾਪਰੀ ਤੇ ਗੋਲੀ ਚੱਲਣ ਉਪਰੰਤ ਵਿਦਿਆਰਥੀਆਂ ‘ਚ ਹਫੜਾ-ਦਫੜੀ ਮੱਚ ਗਈ ਤੇ ਉਹ ਜਾਨਾਂ ਬਚਾਉਣ ਲਈ ਇੱਧਰ-ਉਧਰ ਭੱਜ ਗਏ। ਲਾਸ ਵੇਗਾਸ ਮੈਟੋਰਪੋਲੀਟਨ ਪੁਲਿਸ ਵਿਭਾਗ ਨੇ 3 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਜਾਂਚਕਾਰ ਮਾਮਲੇ ਦੀ ਜਾਂਚ ਲਈ ਮੌਕੇ ਉਪਰ ਪੁੱਜ ਗਏ ਹਨ। ਸ਼ੈਰਿਫ ਕੈਵਿਨ ਮੈਕਮਾਹਿਲ ਨੇ ਜਾਰੀ ਇਕ ਬਿਆਨ ‘ਚ ਕਿਹਾ ਹੈ ਕਿ ਕ੍ਰਿਸਮਿਸ ਦੀਆਂ ਛੁੱਟੀਆਂ ਤੋਂ ਪਹਿਲਾਂ ਜਦੋਂ ਵਿਦਿਆਰਥੀ ਘਰ ਜਾਣ ਬਾਰੇ ਸੋਚ ਰਹੇ ਸਨ, ਤਾਂ ਗੋਲੀਬਾਰੀ ਹੋਣੀ ਇਕ ਬਹੁਤ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਹੈ ਕਿ ਸ਼ੱਕੀ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ ਪਰੰਤੂ ਅਜੇ ਉਸ ਦਾ ਨਾਂ ਜਨਤਕ ਨਹੀਂ ਕੀਤਾ ਜਾ ਰਿਹਾ। ਮਿਲੀ ਜਾਣਕਾਰੀ ਅਨੁਸਾਰ ਸ਼ੱਕੀ ਦੋਸ਼ੀ ਦੀ ਉਮਰ 60 ਸਾਲ ਦੇ ਕਰੀਬ ਹੈ। ਪੁਲਿਸ ਨੇ ਅਜੇ ਮ੍ਰਿਤਕਾਂ ਤੇ ਜ਼ਖਮੀ ਹੋਏ ਵਿਅਕਤੀਆਂ ਦੇ ਨਾਂ ਜਾਰੀ ਨਹੀਂ ਕੀਤੇ ਹਨ, ਤੇ ਨਾ ਹੀ ਇਹ ਦੱਸਿਆ ਹੈ ਕਿ ਮ੍ਰਿਤਕ ਸਾਰੇ ਵਿਦਿਆਰਥੀ ਹਨ ਜਾਂ ਮ੍ਰਿਤਕਾਂ ਵਿਚ ਹੋਰ ਵਿਅਕਤੀ ਵੀ ਸ਼ਾਮਲ ਹੈ।