#OTHERS

ਨਵਾਜ਼ ਸ਼ਰੀਫ਼ ਮੁੜ ਪੀ.ਐੱਮ.ਐੱਲ.-ਐੱਨ ਦੇ ਪ੍ਰਧਾਨ ਬਣੇ

ਲਾਹੌਰ, 29 ਮਈ (ਪੰਜਾਬ ਮੇਲ)- ਪਾਕਿਸਤਾਨ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਨਵਾਜ਼ ਸ਼ਰੀਫ਼ ਨੂੰ ਮੁੜ ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਦਾ ਪ੍ਰਧਾਨ ਚੁਣਿਆ ਗਿਆ ਹੈ। ਉਨ੍ਹਾਂ ਛੇ ਸਾਲ ਪਹਿਲਾਂ ਪਨਾਮਾ ਪੇਪਰਜ਼ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਅਸਤੀਫਾ ਦਿੱਤਾ ਸੀ। ਜ਼ਿਕਰਯੋਗ ਹੈ ਕਿ 74 ਸਾਲਾ ਬਜ਼ੁਰਗ ਸਿਆਸਤਦਾਨ ਯੂ.ਕੇ. ਵਿਚ ਚਾਰ ਸਾਲ ਦੀ ਜਲਾਵਤਨੀ ਤੋਂ ਬਾਅਦ ਪਿਛਲੇ ਸਾਲ ਅਕਤੂਬਰ ਵਿਚ ਪਾਕਿਸਤਾਨ ਪਰਤੇ ਸਨ। ਉਨ੍ਹਾਂ ਦੀ ਪਾਰਟੀ ਨੇ ਐਕਸ ‘ਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਕਿ ਨਵਾਜ਼ ਸ਼ਰੀਫ ਨੂੰ ਲਾਹੌਰ ਵਿਚ ਪੀ.ਐੱਮ.ਐੱਲ.-ਐੱਨ ਦੀ ਜਨਰਲ ਕੌਂਸਲ ਦੀ ਮੀਟਿੰਗ ਵਿਚ ਪ੍ਰਧਾਨ ਚੁਣਿਆ ਗਿਆ।
ਇਸ ਸਬੰਧੀ ਜਨਰਲ ਕੌਂਸਲ ਦੀ ਮੀਟਿੰਗ ਦੀਆਂ ਤਿਆਰੀਆਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਜਿਸ ਦੀ ਕੈਪਸ਼ਨ ਵਿਚ ਲਿਖਿਆ ਗਿਆ, ‘ਸ਼ੇਰ ਆਪਣਾ ਬਣਦਾ ਸਿਖਰਲਾ ਸਥਾਨ ਹਾਸਲ ਕਰਨ ਲਈ ਵਾਪਸ ਆ ਰਿਹਾ ਹੈ।’ ਪੀ.ਐੱਮ.ਐੱਲ.-ਐੱਨ ਨੇ ਪਹਿਲਾਂ 11 ਮਈ ਨੂੰ ਜਨਰਲ ਕੌਂਸਲ ਦੀ ਮੀਟਿੰਗ ਸੱਦੀ ਸੀ ਪਰ ਪਾਕਿਸਤਾਨ ਦੇ ਪ੍ਰਮਾਣੂ ਸ਼ਕਤੀ ਬਣਨ ਦੇ 26 ਸਾਲ ਮੁਕੰਮਲ ਹੋਣ ਦੇ ਜਸ਼ਨ ਸਮਾਗਮਾਂ ਕਾਰਨ ਇਸ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।