#PUNJAB

ਨਵਜੋਤ ਸਿੱਧੂ ਵੱਲੋਂ ਆਪਣੇ ਵਿਰੋਧੀ ਕਾਂਗਰਸੀਆਂ ਨੂੰ ਦੋ ਟੁੱਕ ‘ਚ ਜਵਾਬ

ਅੰਮ੍ਰਿਤਸਰ, 6 ਫਰਵਰੀ (ਪੰਜਾਬ ਮੇਲ)- ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਮੇਰੀ ਭਾਜਪਾ ਨਾਲ ਕੋਈ ਲੜਾਈ ਨਹੀਂ ਹੈ ਪਰ ਜਿਹੜੇ ਕਾਂਗਰਸੀ ਆਗੂ ਹੁਣ ਮੇਰਾ ਦੁਸ਼ਮਣ ਬਣ ਕੇ ਬਿਨਾਂ ਕਿਸੇ ਕਾਰਨ ਮੇਰਾ ਵਿਰੋਧ ਕਰ ਰਹੇ ਹਨ, ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਰੇਤ ਮਾਫੀਆ, ਨਸ਼ਾਖੋਰੀ ਦੀ ਕਮਾਈ ਨਾਲ ਵਿਦੇਸ਼ਾਂ ਵਿਚ ਨਿੱਜੀ ਜਾਇਦਾਦਾਂ ਬਣਾਉਣ ਵਾਲੇ ਜੱਲਾਦ ਹਨ, ਜਿਸ ਕਾਰਨ ਪਾਰਟੀ ਦੀ ਬਰਬਾਦੀ ਹੋ ਰਹੀ ਹੈ। ਇਕ ਪ੍ਰੈੱਸ ਇੰਟਰਵਿਊ ਦੌਰਾਨ ਸਿੱਧੂ ਨੇ ਕਿਹਾ ਕਿ ਭਾਜਪਾ 2024 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿਚ 400 ਸੀਟਾਂ ਦਾ ਕੋਟਾ ਜਿੱਤਣ ਲਈ ਜੋੜ-ਤੋੜ ਦੀ ਰਾਜਨੀਤੀ ‘ਚ ਸਰਗਰਮ ਭੂਮਿਕਾ ਨਿਭਾਅ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਹੁਣ ਬਿਹਾਰ ਤੋਂ ਬਾਅਦ ਪੰਜਾਬ ਵਿਚ ਭਾਜਪਾ ਇਕ ਅਜਿਹੇ ਆਗੂ ਦੀ ਭਾਲ ਵਿਚ ਹੈ, ਜੋ ਨਾ ਤਾਂ ਚੱਲਿਆ ਹੋਇਆ ਕਾਰਤੂਸ ਹੋਵੇ, ਸਿੱਖ ਚਿਹਰਾ ਹੋਣ ਦੇ ਨਾਲ ਈਮਾਨਦਾਰ, ਬੇਦਾਗ ਪ੍ਰਭਾਵਸ਼ਾਲੀ ਹੋਣ ਤੋਂ ਇਲਾਵਾ ਯੋਗ ਆਗੂ ਵੀ ਹੋਵੇ, ਤਾਂ ਕਿ ਪੰਜਾਬ ਦੀਆਂ ਕੁੱਲ 13 ਲੋਕ ਸਭਾ ਸੀਟਾਂ ਵਿਚ ਵੱਧ ਤੋਂ ਵੱਧ ਜਿੱਤ ਹਾਸਲ ਕੀਤੀ ਜਾ ਸਕੇ।
ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਕਦੇ ਵੀ ਭਾਜਪਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਬੀਤੇ ਦੌਰ ਵਿਚ ਭਾਜਪਾ ਹਾਈਕਮਾਨ ਵਲੋਂ ਬਾਦਲਾਂ ਭਾਵ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਕਰਨ ਨਾਲ ਮੇਰੇ ਮਨ ਨੂੰ ਠੇਸ ਪਹੁੰਚੀ ਸੀ। ਉਨ੍ਹਾਂ ਨੇ ਬਾਦਲਾਂ ਨੂੰ ਚੁਣਿਆ ਪਰ ਮੈਂ ਕਾਂਗਰਸ ਪਾਰਟੀ ‘ਚ ਸਰਗਰਮ ਸੀ। ਨਵਜੋਤ ਸਿੱਧੂ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਪਿਛਲੀਆਂ ਵਿਧਾਨ ਸਭਾ ਚੋਣਾਂ ਹੋਣ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਦਿੱਲੀ ਬੁਲਾ ਕੇ ਪੁੱਛਿਆ ਸੀ ਕਿ ਜੇਕਰ ਭਾਜਪਾ-ਸ਼੍ਰੋਮਣੀ ਅਕਾਲੀ ਦਲ ਇਕੱਠੇ ਮਿਲ ਕੇ ਵਿਧਾਨ ਸਭਾ ਚੋਣਾਂ ਲੜਦੇ ਹਨ, ਤਾਂ ਕਿੰਨੀਆਂ ਸੀਟਾਂ ਆਉਣਗੀਆਂ ਤਾਂ ਮੇਰਾ ਜਵਾਬ ਸੀ ਜ਼ੀਰੋ ਪਰ ਮੈਂ ਅਮਿਤ ਸ਼ਾਹ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਜੇਕਰ ਭਾਜਪਾ ਇਕੱਲਿਆਂ ਚੋਣ ਲੜਦੀ ਹੈ, ਤਾਂ ਘੱਟ ਤੋਂ ਘੱਟ 70 ਸੀਟਾਂ ਆਉਣੀਆਂ ਲਾਜ਼ਮੀ ਸਨ।
ਮੇਰੀ ਕਾਰਜਸ਼ੈਲੀ ਤੋਂ ਖੁਸ਼ ਹੋ ਕੇ ਅਮਿਤ ਸ਼ਾਹ ਨੇ ਮੇਰੇ ‘ਤੇ ਰਾਜ ਸਭਾ ਦੀ ਸੀਟ ਦੇਣ ਲਈ ਕਾਫੀ ਦਬਾਅ ਪਾਇਆ ਸੀ ਪਰ ਮੈਂ ਦੱਸਿਆ ਸੀ ਕਿ ਮੈਂ ਪੰਜਾਬ ਦੀ ਜਨਤਾ ਕੋਲੋਂ ਜਿੱਤ ਹਾਸਲ ਕਰਕੇ ਸਿਰਫ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਇੱਛੁਕ ਹਾਂ। ਜਦੋਂ ਸਿੱਧੂ ਤੋਂ ਪੁੱਛਿਆ ਗਿਆ ਕਿ ਹੁਣ 2024 ਦੀਆਂ ਲੋਕ ਸਭਾ ਚੋਣਾਂ ਲਈ ਤੁਸੀਂ ਕਾਂਗਰਸ ਨੂੰ ਅਲਵਿਦਾ ਕਹਿ ਕਿ ਭਾਜਪਾ ਵਿਚ ਸ਼ਾਮਲ ਹੋਵੋਗੇ, ਤਾਂ ਸਿੱਧੂ ਨੇ ਸਪੱਸ਼ਟ ਕੀਤਾ ਕਿ ‘ਇਹ ਮੇਰੇ ਕਿਰਦਾਰ ਦਾ ਟੈਸਟ ਹੋਵੇਗਾ’, ਭਾਵ ਸਿੱਧੂ ਦੇ ਇਸ ਬਿਆਨ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਭਾਜਪਾ ਵਿਚ ਆ ਕੇ ਆਪਣੀ ਵਾਪਸੀ ਕਰਨਾ ਚਾਹੁੰਦੇ ਹਨ।