#PUNJAB

ਨਵਜੋਤ ਸਿੱਧੂ ਨਹੀਂ ਲੜਨਗੇ ਲੋਕ ਸਭਾ ਚੋਣ

ਸਿੱਧੂ ਦੀ ਪ੍ਰੈੱਸ ਕਾਨਫਰੰਸ ਮੌਕੇ ਵੜਿੰਗ ਪੱਖੀ ਧੜਾ ਰਿਹਾ ਗ਼ੈਰ-ਹਾਜ਼ਰ

ਬਠਿੰਡਾ, 17 ਦਸੰਬਰ (ਪੰਜਾਬ ਮੇਲ)-  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖ਼ਿਆਂ ਦੇ ਪਿੰਡ ਮਹਿਰਾਜ ’ਚ ‘ਜਿੱਤੇਗਾ ਪੰਜਾਬ’ ਰੈਲੀ ਕਰਨ ਲਈ ਪੁੱਜੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਸਪਸ਼ਟ ਕੀਤਾ ਕਿ ਉਹ ਆਗਾਮੀ ਲੋਕ ਸਭਾ ਚੋਣਾਂ ਨਹੀਂ ਲੜਨਗੇ। ਵਿਸ਼ੇਸ਼ ਗੱਲ ਇਹ ਰਹੀ ਕਿ ਕਾਨਫਰੰਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੱਖੀ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਗ਼ੈਰਹਾਜ਼ਰ ਰਹੀ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਉੱਤਰ ਦਿੰਦਿਆਂ ਉਨ੍ਹਾਂ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਵੱਲੋਂ ਚੋਣ ਲੜਨ ਬਾਰੇ ਕਿਹਾ ਕਿ ‘ਉਸ ਦਾ ਜਵਾਬ ਉਹੀ ਦੇ ਸਕਦੇ ਹਨ’। ਚੋਣ ਪ੍ਰਚਾਰ ਕਰਨ ਬਾਰੇ ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਸਿਪਾਹੀ ਹਨ, ਜੇ ਵੱਡੇ ਆਗੂ ਕਹਿਣਗੇ ਤਾਂ ਜ਼ਰੂਰ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਮੁਆਫ਼ੀ ਮੰਗੇ ਜਾਣ ਦੇ ਮੁੱਦੇ ਬਾਰੇ ਉਨ੍ਹਾਂ ਕਿਹਾ ‘ਤੁਸੀਂ ਜਦੋਂ ਆਪ ਸਾਰੇ ਗੁਨਾਹ ਕਰ ਰਹੇ ਹੋ। ਜਦੋਂ ਤੁਹਾਡੀ ਸਰਕਾਰ ਸੀ ਉਦੋਂ ਕਿਉਂ ਨਾ ਬੋਲੇ। ਹੁਣ ਮੁਆਫੀ ਮੰਗ ਕੇ ਜੁਰਮ ਤਾਂ ਤੁਸੀਂ ਕਬੂਲ ਕਰ ਹੀ ਲਿਆ ਹੈ।’ ਉਨ੍ਹਾਂ ਨਾਲ ਹੀ ਇਸ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਨਜ਼ ਕਸਿਆ ਕਿ ‘ਸਜ਼ਾ ਕੌਣ ਦਿਊ ਹੋਮ ਮਨਿਸਟਰ? ਪਰ ਉਹ ਤਾਂ ਸਕੂਲਾਂ ਦਾ ਉਦਘਾਟਨ ਹੀ ਕਰ ਰਹੇ ਨੇ।’ ਚੋਣਾਂ ’ਚ ‘ਆਪ’ ਅਤੇ ਕਾਂਗਰਸ ਦੇ ਗੱਠਜੋੜ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ‘ਜਦੋਂ ਜਮਹੂਰੀਅਤ ਹੀ ਨਾ ਰਹੀ ਤਾਂ ਪਾਰਟੀਆਂ ਕੀ ਕਰਨਗੀਆਂ?’ ਉਨ੍ਹਾਂ ਕਿਹਾ ਕਿ ਜਦੋਂ ਚੋਣ ਕਮਿਸ਼ਨ ਸਮੇਤ ਹਰ ਅਦਾਰੇ ’ਚ ਆਪਣੇ ਬੰਦੇ ਬਿਠਾਏ ਜਾ ਰਹੇ ਹੋਣ ਤਾਂ ਕੌਣ ਰੋਕੂ? ਭਲਕੇ ਮਹਿਰਾਜ ’ਚ ਹੋਣ ਵਾਲੀ ਰੈਲੀ ਬਾਰੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਸੱਦਾ ਦੇਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਆਖਿਆ ਕਿ ਉਹ ਪੰਜਾਬ ਨੂੰ ਮਾਤ ਭੂਮੀ ਮੰਨ ਕੇ ਗੱਲ ਕਰ ਰਹੇ ਹਨ ਅਤੇ ਸੱਦਾ ਕਿਸੇ ਨੂੰ ਵੀ ਨਹੀਂ ਦਿੱਤਾ ਗਿਆ। ਨਾਲ ਹੀ ਉਨ੍ਹਾਂ ਕਿਹਾ ਕਿ ਸੱਦਾ ਤਾਂ ਪਾਰਟੀ ਪ੍ਰਧਾਨ ਦੇ ਸਕਦੇ ਹਨ, ਉਹ ਤਾਂ ਵਰਕਰ ਹਨ। ਰੈਲੀ ਲਈ ਮਹਿਰਾਜ ਨੂੰ ਕਿਉਂ ਚੁਣਿਆ ਗਿਆ? ਸਵਾਲ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜਿੱਥੋਂ ਸੱਦਾ ਆਊਗਾ, ਉਥੇ ਹੀ ਜਾਵਾਂਗਾ। ਉਨ੍ਹਾਂ ਕਿਹਾ ਕਿ ਸਿੱਧੂ ਦਾ ਭਵਿੱਖ ਤਿੰਨ ਕਰੋੜ ਪੰਜਾਬੀਆਂ ਦਾ ਭਵਿੱਖ ਹੈ ਅਤੇ ਸਿੱਧੂ ਨੇ ਜਿੱਥੇ ਸਟੈਂਡ ਲਿਆ ਪਿੱਛੇ ਨਹੀਂ ਹਟਿਆ।