#PUNJAB

ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਰਹਿ ਚੁੱਕੇ ਮਾਲਵਿੰਦਰ ਮਾਲੀ ਪੁਲਿਸ ਵੱਲੋਂ ਭਰਾ ਦੇ ਘਰੋਂ ਗ੍ਰਿਫ਼ਤਾਰ

ਮੋਹਾਲੀ, 18 ਸਤੰਬਰ (ਪੰਜਾਬ ਮੇਲ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਰਹਿ ਚੁੱਕੇ ਮਾਲਵਿੰਦਰ ਸਿੰਘ ਮਾਲੀ ਨੂੰ ਮੋਹਾਲੀ ਪੁਲਿਸ ਨੇ ਪਟਿਆਲਾ ਰਹਿੰਦੇ ਭਰਾ ਰਣਜੀਤ ਸਿੰਘ ਗਰੇਵਾਲ ਦੇ ਘਰੋਂ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਮੋਹਾਲੀ ਪੁਲਿਸ ਦੀ ਸੀ.ਆਈ.ਏ. ਸਟਾਫ ਦੀ ਟੀਮ ਨੇ ਇਹ ਕਹਿ ਕੇ ਨਾਲ ਜਾਣ ਲਈ ਕਿਹਾ ਕਿ ਉਨ੍ਹਾਂ ਖ਼ਿਆਫ਼ ਆਈ.ਟੀ. ਐਕਟ ਅਧੀਨ ਇਕ ਮਾਮਲਾ ਦਰਜ ਕੀਤਾ ਗਿਆ ਹੈ। ਉਹ ਆਪਣੇ ਭਰਾ ਦੇ ਘਰ ਕੁਝ ਸਮਾਂ ਪਹਿਲਾਂ ਹੀ ਪਹੁੰਚੇ ਸਨ, ਜਿੱਥੇ ਉਨ੍ਹਾਂ ਦਾ ਵੱਡਾ ਭਰਾ ਜਤਿੰਦਰ ਸਿੰਘ ਵੀ ਆਇਆ ਹੋਇਆ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਉਨ੍ਹਾਂ ਨੂੰ ਇਹ ਵੀ ਦੱਸਿਆ ਗਿਆ ਕਿ ਆਈ.ਟੀ. ਐਕਟ ਅਧੀਨ ਉਨ੍ਹਾਂ ਵੱਲੋਂ ਪਾਈ ਕਿਸੇ ਪੋਸਟ ਕਾਰਨ ਉਨ੍ਹਾਂ ਨੂੰ ਫੜਿਆ ਗਿਆ ਹੈ।
ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਆਈ.ਟੀ. ਸਿਟੀ ਥਾਣਾ ਮੁਹਾਲੀ ‘ਚ ਉਨ੍ਹਾਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਉੱਤੇ ਧਾਰਾ 196 ਤੇ 295-ਏ ਤਹਿਤ ਕੇਸ ਦਰਜ ਕੀਤਾ ਗਿਆ। ਪੁਲਿਸ ਜਦੋਂ ਉਨ੍ਹਾਂ ਦੇ ਘਰ ਸੈਕਟਰ 91 ਦੇ ਰੀਜੈਂਸੀ ਹਾਈਟਸ ਪਹੁੰਚੇ ਤਾਂ ਉੱਥੇ ਤਾਲਾ ਲੱਗਿਆ ਹੋਇਆ ਸੀ। ਫੋਨ ਕਰਨ ‘ਤੇ ਉਨ੍ਹਾਂ ਦੱਸਿਆ ਕਿ ਉਹ ਪਟਿਆਲੇ ਆਪਣੇ ਭਰਾ ਦੇ ਘਰ ਆਏ ਹੋਏ ਹਨ। ਇਸ ਤੋਂ ਤੁਰੰਤ ਬਾਅਦ ਸੀ.ਆਈ.ਏ. ਮੋਹਾਲੀ ਦੀ ਪਹਿਲਾਂ ਹੀ ਪਟਿਆਲਾ ਪਹੁੰਚੀ ਹੋਈ ਟੀਮ ਨੇ ਉਨ੍ਹਾਂ ਦੇ ਭਰਾ ਦੇ ਘਰ ਛਾਪਾ ਮਾਰਿਆ ਤੇ ਮਾਲੀ ਨੂੰ ਹਿਰਾਸਤ ‘ਚ ਲੈ ਲਿਆ।