#PUNJAB

ਨਵਜੋਤ ਸਿੱਧੂ ਦੀ ਮੋਗਾ ਰੈਲੀ ਤੋਂ ਪੰਜਾਬ Congress ਵਿਚ ਅੰਦਰੂਨੀ ਟਕਰਾਅ ਹੋਇਆ ਤਿੱਖਾ

* ਰੈਲੀ ਪ੍ਰਬੰਧਕਾਂ ਦੇ ਹੱਕ ‘ਚ ਡਟੇ ਨਵਜੋਤ ਸਿੱਧੂ
* ਵੜਿੰਗ ਦੇ ਹਮਾਇਤੀ ਸਿੱਧੂ ਨੂੰ ਨਿਸ਼ਾਨੇ ‘ਤੇ ਲੈਣ ਲੱਗੇ
ਚੰਡੀਗੜ੍ਹ, 23 ਜਨਵਰੀ (ਪੰਜਾਬ ਮੇਲ)- ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਮੋਗਾ ਰੈਲੀ ਤੋਂ ਪੰਜਾਬ ਕਾਂਗਰਸ ਵਿਚ ਅੰਦਰੂਨੀ ਟਕਰਾਅ ਤਿੱਖਾ ਹੋ ਗਿਆ ਹੈ। ‘ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ’ ਬੈਨਰ ਹੇਠ ਨਵਜੋਤ ਸਿੱਧੂ ਨੇ ਰੈਲੀ ਕਰ ਕੇ ਆਪਣੀ ਰਣਨੀਤੀ ਤੋਂ ਪਿੱਛੇ ਨਾ ਮੁੜਨ ਦਾ ਸੰਕੇਤ ਦਿੱਤਾ ਸੀ। ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੈਪਟਨ ਸੰਦੀਪ ਸੰਧੂ ਨੇ ਬੀਤੇ ਦਿਨੀਂ ਹੀ ਮੋਗਾ ਰੈਲੀ ਦੇ ਪ੍ਰਬੰਧਕਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰ ਦਿੱਤਾ ਸੀ। ਮੋੜਵੇਂ ਰੂਪ ਵਿਚ ਨਵਜੋਤ ਸਿੱਧੂ ਨੇ ਮੋਗਾ ਰੈਲੀ ਦੇ ਪ੍ਰਬੰਧਕਾਂ ਨਾਲ ਡਟਣ ਦਾ ਐਲਾਨ ਕਰ ਦਿੱਤਾ ਹੈ।
ਜ਼ਿਲ੍ਹਾ ਕਾਂਗਰਸ ਮੋਗਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਅਤੇ ਉਨ੍ਹਾਂ ਦੇ ਲੜਕੇ ਐਡਵੋਕੇਟ ਧਰਮਪਾਲ ਸਿੰਘ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕਰਕੇ ਦੋ ਦਿਨਾਂ ਦੇ ਅੰਦਰ ਸਥਿਤੀ ਸਪੱਸ਼ਟ ਕਰਨ ਬਾਰੇ ਲਿਖਿਆ ਗਿਆ ਹੈ। ਨਾਲ ਹੀ ਅਨੁਸ਼ਾਸਨੀ ਕਾਰਵਾਈ ਕੀਤੇ ਜਾਣ ਦਾ ਇਸ਼ਾਰਾ ਕੀਤਾ ਹੈ। ਨਵਜੋਤ ਸਿੱਧੂ ਨੇ ਨਿਹਾਲ ਸਿੰਘ ਵਾਲਾ ਪਰਿਵਾਰ ਨਾਲ ਖੜ੍ਹਨ ਦੀ ਗੱਲ ਆਖ ਦਿੱਤੀ ਹੈ, ਜਿਸ ਤੋਂ ਜਾਪਦਾ ਹੈ ਕਿ ਕਾਂਗਰਸ ‘ਚ ਅੰਦਰੂਨੀ ਕਲੇਸ਼ ਹੋਰ ਵਧੇਗਾ। ਨਵਜੋਤ ਸਿੱਧੂ ਨੇ ਐਕਸ ‘ਤੇ ਲਿਖਿਆ, ”ਨਿਹਾਲ ਸਿੰਘ ਵਾਲਾ ਪਰਿਵਾਰ ਦੇ ਨਾਲ ਖੜ੍ਹਾਂਗੇ, ਜੋ ਮਰਜ਼ੀ ਹੋਵੇ। ਤੀਜੀ ਪੀੜ੍ਹੀ ਦਾ ਕਾਂਗਰਸ ਪਰਿਵਾਰ, ਪੁਰਾਣੀ ਪਾਰਟੀ ਦੀਆਂ ਜੜ੍ਹਾਂ। ਜੜ੍ਹਾਂ ਤੋਂ ਬਿਨਾਂ ਕੋਈ ਫਲ ਨਹੀਂ ਲੱਗ ਸਕਦਾ।” ਨਵਜੋਤ ਸਿੱਧੂ ਦੇ ਇਸ ਸਟੈਂਡ ਤੋਂ ਸਾਫ਼ ਹੋ ਗਿਆ ਹੈ ਕਿ ਉਹ ਹੁਣ ਪਿੱਛੇ ਮੁੜਨ ਵਾਲੇ ਨਹੀਂ। ਨਵਜੋਤ ਸਿੱਧੂ ਨੇ ਬੀਤੇ ਦਿਨੀਂ ਮੋਗਾ ਰੈਲੀ ਵਿਚ ਕਿਹਾ ਸੀ ਕਿ ਉਹ ਕਾਂਗਰਸ ਨੂੰ ਕਾਲੇ ਦਿਨਾਂ ‘ਚੋਂ ਬਾਹਰ ਕੱਢਣਗੇ ਅਤੇ ਪਾਰਟੀ ਵਿਚ ਜਾਨ ਪਾਉਣਗੇ। ਦੂਜੇ ਪਾਸੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨੇੜਲੇ ਸਾਥੀ ਦੁਰਲਾਭ ਨੇ ਵੀ ਨਵਜੋਤ ਸਿੱਧੂ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ। ਦੁਰਲਾਭ ਨੇ ਐਕਸ ‘ਤੇ ਸਿੱਧੂ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ”ਕਿਹੜੇ ਕਾਲੇ ਦਿਨਾਂ ‘ਚੋਂ! ਇਹੋ ਜਿਹੀਆਂ ਗੱਲਾਂ ਉਨ੍ਹਾਂ ਸਭ ਕਾਂਗਰਸੀਆਂ ਨੂੰ ਗਾਲਾਂ ਦੇਣ ਦੇ ਬਰਾਬਰ ਹਨ, ਜਿਨ੍ਹਾਂ ਨੇ ਪਿਛਲੇ 2 ਸਾਲਾਂ ਵਿਚ ਦਿਨ-ਰਾਤ ਇੱਕ ਕੀਤਾ ਹੈ।” ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਲਈ ਇਹ ਇੱਕ ਪਹਿਲੀ ਵੱਡੀ ਚੁਣੌਤੀ ਹੈ ਕਿਉਂਕਿ ਕਾਂਗਰਸ ਵਿਚਲਾ ਕਲੇਸ਼ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਕਾਂਗਰਸ ਅੰਦਰ ਸਿੱਧੂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਨੂੰ ਲੈ ਕੇ ਮਾਹੌਲ ਗਰਮਾਉਣ ਲੱਗਾ ਹੈ ਤੇ ਸੀਨੀਅਰ ਲੀਡਰਸ਼ਿਪ ਇਸ ਮਾਮਲੇ ‘ਤੇ ਇੱਕਮਤ ਹੁੰਦੀ ਦਿਖਾਈ ਦੇ ਰਹੀ ਹੈ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਵਿਚਲੀ ਧੜੇਬੰਦੀ ਦੂਸਰੀ ਪਾਰਟੀਆਂ ਲਈ ਸ਼ੁੱਭ ਸ਼ਗਨ ਵਾਂਗ ਜਾਪਦੀ ਹੈ।