-ਸ਼ੱਕੀ ਮਰੀਜ਼ਾਂ ਦੇ ਮਨਾਂ ‘ਚ ਉਮੀਦ ਦੀ ਕਿਰਨ ਜਾਗੀ
ਵੈਨਕੂਵਰ, 26 ਨਵੰਬਰ (ਪੰਜਾਬ ਮੇਲ)- ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਪਤਨੀ ਦੇ ਖਾਣ-ਪੀਣ ਵਿਚ ਬਦਲਾਅ ਕਰ ਕੇ ਕੈਂਸਰ ਮੁਕਤ ਹੋ ਜਾਣ ਦੀ ਵੀਡੀਓ ਕੈਨੇਡਾ ਵਿਚ ਵਾਇਰਲ ਹੋਣ ਦੇ ਨਾਲ-ਨਾਲ ਕੈਂਸਰ ਪੀੜਤ ਮਰੀਜ਼ਾਂ ਵਲੋਂ ਉਸ ਨੁਸਖ਼ੇ ਉੱਤੇ ਅਮਲ ਕੀਤੇ ਜਾਣ ਦਾ ਪਤਾ ਲੱਗਾ ਹੈ। ਆਖਿਆ ਜਾਂਦਾ ਹੈ ਕਿ ਭਾਰਤੀ ਸਟੋਰਾਂ ‘ਤੇ ਇਸ ਨੁਸਖ਼ੇ ਵਿਚ ਸੁਝਾਏ ਸਾਮਾਨ ਦੀ ਮੰਗ ਕਾਫੀ ਵਧ ਗਈ ਹੈ।
ਪਹਿਲਾਂ ਸਟੋਰਾਂ ਤੋਂ ਸਾਮਾਨ ਲਿਜਾਣ ਵਾਲੇ ਲੋਕਾਂ ਦੀਆਂ ਟਰਾਲੀਆਂ ਵਿਚ ਹੁਣ ਮਿਕਸ ਬੈਰੀਆਂ ਦੇ ਪੈਕਟ ਵੇਖੇ ਜਾਣ ਲੱਗੇ ਹਨ। ਇਨ੍ਹਾਂ ਸਟੋਰਾਂ ਦੇ ਸੇਲ ਅਮਲੇ ‘ਚੋਂ ਕੁਝ ਨਾਲ ਗੱਲ ਕਰਨ ‘ਤੇ ਉਨ੍ਹਾਂ ਕਿਹਾ ਕਿ ਦੋ ਕੁ ਦਿਨਾਂ ਤੋਂ ਉਸ ਨੁਸਖ਼ੇ ਵਾਲੀਆਂ ਵਸਤਾਂ ਦੀ ਮੰਗ ਤੇ ਵਿਕਰੀ ਪਹਿਲਾਂ ਤੋਂ ਦੁੱਗਣੀ-ਤਿੱਗਣੀ ਵਧ ਗਈ ਹੈ। ਇੱਕ ਵਿਅਕਤੀ ਨੇ ਦੱਸਿਆ ਕਿ ਨਿੰਮ ਤੇ ਤੁਲਸੀ ਦੇ ਪੱਤਿਆਂ ਦੀ ਮੰਗ ਪਹਿਲੀ ਵਾਰ ਹੋਣ ਲੱਗੀ ਹੈ।
ਕੁਝ ਸ਼ੱਕੀ ਕੈਂਸਰ ਮਰੀਜ਼ਾਂ ਨਾਲ ਗੱਲ ਕਰਨ ‘ਤੇ ਇਸ ਗੱਲ ਦੀ ਪੁਸ਼ਟੀ ਹੋਈ ਕਿ ਉਨ੍ਹਾਂ ਸਿੱਧੂ ਦੀ ਗੱਲ ‘ਤੇ ਇਤਬਾਰ ਕਰ ਕੇ ਆਪਣਾ ਖਾਣ-ਪੀਣ ਬਦਲ ਲਿਆ ਹੈ। ਇੱਕ ਦਾ ਕਹਿਣਾ ਸੀ ਕਿ ਸਾਲਾਂਬੱਧੀ ਹਸਪਤਾਲਾਂ ਦੇ ਚੱਕਰ ਅਤੇ ਦਵਾਈਆਂ ਤੋਂ ਚੰਗਾ ਹੈ ਕਿ ਡੇਢ-ਦੋ ਮਹੀਨੇ ਉਹੀ ਕੁਝ ਖਾ-ਪੀ ਕੇ ਵੇਖ ਲਿਆ ਜਾਏ, ਜਿਵੇਂ ਵੀਡੀਓ ਵਿਚ ਕਿਹਾ ਗਿਆ ਹੈ।
ਇੱਕ ਨੇ ਤਾਂ ਸਿੱਧੂ ਦੀ ਗੱਲ ‘ਤੇ ਭਰੋਸਾ ਜਿਤਾਉਂਦੇ ਹੋਏ ਕਿਹਾ ਕਿ ‘ਸਿਆਣਾ ਬਿਆਣਾ ਬੰਦਾ’ ਝੂਠ ਥੋੜ੍ਹਾ ਬੋਲ ਰਿਹਾ ਹੋਊ? ਆਯੁਰਵੈਦਿਕ ਦਵਾਈਆਂ ਦਿੰਦੇ ਡਾਕਟਰ ਨਾਲ ਗੱਲ ਹੋਈ, ਤਾਂ ਉਸ ਨੇ ਪੁਸ਼ਟੀ ਕੀਤੀ ਕਿ ਮਨੁੱਖਾਂ ਦਾ ਖਾਣ-ਪੀਣ ਹੀ ਸਰੀਰਕ ਪ੍ਰਣਾਲੀਆਂ ਦੇ ਸੰਚਾਲਨ ‘ਤੇ ਨਿਯੰਤਰਣ ਕਰਦਾ ਹੈ ਤੇ ਖੁਰਾਕ ‘ਚੋਂ ਹੀ ਚੰਗੇ ਮਾੜੇ ਸੈਲ ਬਣਦੇ ਹਨ, ਜੋ ਵੱਖ-ਵੱਖ ਬਿਮਾਰੀਆਂ ਦੇ ਕਾਰਨ ਬਣਦੇ ਹਨ। ਉਸ ਨੇ ਦੱਸਿਆ ਸਿੱਧੂ ਵਾਲਾ ਨੁਸਖ਼ਾ ਆਯੁਰਵੈਦ ‘ਤੇ ਹੀ ਆਧਾਰਿਤ ਹੀ ਹੈ, ਪਰ ਉਸ ਲਈ ਮਨੁੱਖ ਦੇ ਮਨ ‘ਚ ਵਿਸ਼ਵਾਸ਼ ਅਤੇ ਪ੍ਰਹੇਜ਼ ਜ਼ਰੂਰੀ ਹਨ।