#INDIA

ਨਰਿੰਦਰ ਮੋਦੀ 8 ਜੂਨ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਚੁੱਕਣਗੇ ਸਹੁੰ!

7 ਜੂਨ ਨੂੰ ਹੋਵੇਗੀ ਐੱਨ.ਡੀ.ਏ. ਦੀ ਮੀਟਿੰਗ!
-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਂਪਿਆ ਅਸਤੀਫਾ!
-ਰਾਸ਼ਟਰਪਤੀ ਵੱਲੋਂ ਮੋਦੀ ਨੂੰ ਨਵੀਂ ਸਰਕਾਰ ਦੇ ਚਾਰਜ ਸੰਭਾਲਣ ਤੱਕ ਆਪਣੇ ਅਹੁਦੇ ‘ਤੇ ਬਣੇ ਰਹਿਣ ਦੀ ਬੇਨਤੀ
ਨਵੀਂ ਦਿੱਲੀ, 6 ਜੂਨ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਿਵਾਸ ‘ਤੇ ਐੱਨ.ਡੀ.ਏ. ਦੀ ਬੈਠਕ ‘ਚ ਗਠਜੋੜ ਦੇ ਨੇਤਾ ਦੇ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ‘ਤੇ ਮੋਹਰ ਲੱਗ ਗਈ। ਸਾਰੇ ਨੇਤਾਵਾਂ ਨੇ ਭਾਜਪਾ ਦਾ ਸਮਰਥਨ ਕੀਤਾ। ਇਸ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦੇ ਅਹੁਦੇ ਤੋਂ ਮੋਦੀ ਦਾ ਅਸਤੀਫਾ ਸਵੀਕਾਰ ਕਰ ਲਿਆ। ਰਾਸ਼ਟਰਪਤੀ ਮੁਰਮੂ ਨੇ ਮੋਦੀ ਨੂੰ ਨਵੀਂ ਸਰਕਾਰ ਦੇ ਚਾਰਜ ਸੰਭਾਲਣ ਤੱਕ ਆਪਣੇ ਅਹੁਦੇ ‘ਤੇ ਬਣੇ ਰਹਿਣ ਦੀ ਬੇਨਤੀ ਕੀਤੀ।
ਨਰਿੰਦਰ ਮੋਦੀ ਦੇ 8 ਜੂਨ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੀ ਸੰਭਾਵਨਾ ਹੈ। ਐੱਨ.ਡੀ.ਏ. ਨੇ 292 ਸੀਟਾਂ ਜਿੱਤ ਕੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ।
ਸੂਤਰਾਂ ਅਨੁਸਾਰ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਰਕਾਰ ਬਣਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਨਰਿੰਦਰ ਮੋਦੀ ‘ਤੇਜ਼ ਕਾਰਵਾਈ’ ਕਰਨ। ਐੱਨ.ਡੀ.ਏ. ਦੀ ਮੀਟਿੰਗ ਦੌਰਾਨ ਉਨ੍ਹਾਂ ਨੇ ਪੀ.ਐੱਮ. ਮੋਦੀ ਨੂੰ ਕਿਹਾ, ”ਜਲਦੀ ਕਰੋ। ਸਰਕਾਰ ਬਣਾਉਣ ‘ਚ ਕੋਈ ਦੇਰੀ ਨਹੀਂ ਹੋਣੀ ਚਾਹੀਦੀ। ਸਾਨੂੰ ਇਹ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਹੈ।
ਇਹ ਮੀਟਿੰਗ ਲੋਕ ਸਭਾ ਚੋਣ ਨਤੀਜਿਆਂ ਦੇ ਐਲਾਨ ਤੋਂ ਇੱਕ ਦਿਨ ਬਾਅਦ ਹੋਈ, ਜਿਸ ਵਿਚ ਐੱਨ.ਡੀ.ਏ. ਨੇ 292 ਸੀਟਾਂ ਜਿੱਤੀਆਂ ਸਨ। ਇਸ ਮੀਟਿੰਗ ਵਿਚ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਟੀ.ਡੀ.ਪੀ. ਮੁਖੀ ਚੰਦਰਬਾਬੂ ਨਾਇਡੂ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਜੇ.ਡੀ.ਯੂ. ਆਗੂ ਲਲਨ ਸਿੰਘ ਅਤੇ ਸੰਜੇ ਝਾਅ ਮੌਜੂਦ ਸਨ।
ਜੇਕਰ ਐੱਨ.ਡੀ.ਏ. ਸਰਕਾਰ ਬਣਾਉਂਦੀ ਹੈ, ਤਾਂ ਮੋਦੀ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਤੀਜੀ ਵਾਰ ਸੱਤਾ ਸੰਭਾਲਣ ਵਾਲੇ ਦੂਜੇ ਨੇਤਾ ਹੋਣਗੇ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦਿਨ ‘ਚ ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਜਾਇਜ਼ਾ ਲੈਣ ਲਈ ਕੇਂਦਰੀ ਕੈਬਨਿਟ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਅਗਲੀ ਸਰਕਾਰ ਦੇ ਗਠਨ ਨਾਲ ਸਬੰਧਤ ਮਾਮਲਿਆਂ ‘ਤੇ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਨਿਵਾਸ ‘ਤੇ ਸ਼ੁਰੂ ਹੋਈ ਮੋਦੀ 2.0 ਕੈਬਨਿਟ ਅਤੇ ਮੰਤਰੀ ਮੰਡਲ ਦੀ ਇਹ ਆਖਰੀ ਬੈਠਕ ਸੀ। ਐੱਨ.ਡੀ.ਏ. ਨੇਤਾਵਾਂ ਦੇ ਸਰਕਾਰ ਗਠਨ ਦੇ ਵੇਰਵਿਆਂ ‘ਤੇ ਚਰਚਾ ਕਰਨ ਦੀ ਸੰਭਾਵਨਾ ਹੈ। ਜੇ.ਡੀ.ਯੂ. ਨੇਤਾ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰਬਾਬੂ ਨਾਇਡੂ, ਜੋ ਆਂਧਰਾ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਬਣਨ ਜਾ ਰਹੇ ਹਨ, ਮੀਟਿੰਗ ‘ਚ ਸ਼ਾਮਲ ਹੋਏ।