#PUNJAB

ਧੜਾਧੜ ਵਿਦੇਸ਼ਾਂ ਵੱਲ ਜਾ ਰਹੀ ਪੰਜਾਬ ਦੀ ਨੌਜਵਾਨੀ; ਪੰਜਾਬ ਹੋ ਰਿਹੈ ਖਾਲੀ

-ਜਲਦ ਹੀ ਪੰਜਾਬ ਬੁੱਢਿਆਂ ਦਾ ਸੂਬਾ ਵੱਜਣ ਲੱਗ ਪਵੇਗਾ
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਪੰਜਾਬ ਮੇਲ)-ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦਾ ਭਵਿੱਖ ਨੌਜਵਾਨਾਂ ਉਤੇ ਹੀ ਨਿਰਭਰ ਕਰਦਾ ਹੈ। ਪਰ ਇਸ ਦੇ ਨਾਲ ਹੀ ਦੇਸ਼ ਅੰਦਰ ਬੇਰੁਜ਼ਗਾਰਾਂ ਦੀ ਗਿਣਤੀ ‘ਚ ਹਰ ਸਾਲ ਵੱਡਾ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਕੁੱਝ ਨਾ ਬਣਦਾ ਵੇਖ ਕੇ ਨੌਜਵਾਨਾਂ ਨੇ ਵਿਦੇਸ਼ਾਂ ਵਿਚ ਚਲੇ ਜਾਣ ਦਾ ਮਨ ਬਣਾਇਆ ਹੋਇਆ ਹੈ।
ਪੜ੍ਹਿਆ-ਲਿਖਿਆ ਨੌਜਵਾਨ ਵਰਗ ਵਿਦੇਸ਼ ਜਾਣ ਨੂੰ ਆਪਣਾ ਸੁਫ਼ਨਾ ਬਣਾ ਚੁੱਕਾ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿਚ ਜਾਣ ਵਾਲੇ ਇਹ ਨੌਜਵਾਨ ਆਪਣੇ ਦੇਸ਼ ਤੋਂ ਬਾਰਾਂ ਜਮਾਤਾਂ ਪਾਸ ਕਰਦੇ ਹੀ ਅੰਡਰ ਗਰੈਜੂਏਟ ਕੋਰਸਾਂ ਲਈ ਉਡਾਰੀ ਮਾਰ ਜਾਂਦੇ ਹਨ। ਇਸ ਤੋਂ ਇਲਾਵਾ ਗਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀਆਂ ਲਈ ਸਰਕਾਰੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਵਿਚ ਦਰ ਦਰ ਦੀਆਂ ਠੋਕਰਾਂ ਖਾਣ ਉਪਰੰਤ ਮਾਸਟਰ ਡਿਗਰੀਆਂ ਲਈ ਦੂਜੇ ਦੇਸ਼ਾਂ ਵਿਚ ਜਾਣ ਲਈ ਮਜਬੂਰ ਹੋ ਜਾਂਦੇ ਹਨ। ਨੌਜਵਾਨਾਂ ਦਾ ਬਾਹਰਲੇ ਦੇਸ਼ਾਂ ਨੂੰ ਕੂਚ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਬਾਹਰਲੇ ਦੇਸ਼ਾਂ ਵਿਚ ਕੰਮ ਕਰਨ ਵਾਲਿਆਂ ਦੀ ਪੂਰੀ ਕਦਰ ਹੈ ਅਤੇ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਉਨ੍ਹਾਂ ਨੂੰ ਮਿਲਦਾ ਹੈ। ਭਾਰਤ ਦੇ ਪੜ੍ਹੇ-ਲਿਖੇ ਵਿਗਿਆਨੀ, ਇੰਜੀਨੀਅਰ ਧੜਾਧੜ ਦੇਸ਼ ਛੱਡ ਰਹੇ ਹਨ।
ਪੰਜਾਬ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਾਖੋਰੀ, ਕਿਸਾਨ ਖ਼ੁਦਕੁਸ਼ੀਆਂ ਅਤੇ ਵਿੱਤੀ ਸੰਕਟ ਦੀ ਮਾਰ ਝੱਲ ਰਿਹਾ ਹੈ। ਸਰਕਾਰਾਂ ਬਦਲ ਜਾਂਦੀਆਂ ਹਨ ਪਰ ਲੋਕਾਂ ਦੇ ਮਸਲੇ ਜਿਉਂ ਦੇ ਤਿਉਂ ਹੀ ਰਹਿੰਦੇ ਹਨ। ਸੂਬੇ ਭਰ ਵਿਚ ਨਸ਼ੇ ਨੇ ਬੁਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ। ਮਾਂ-ਬਾਪ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹਨ। ਇਸ ਕਾਰਨ ਵੀ ਵੱਡੀ ਗਿਣਤੀ ਵਿਚ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਣਾ ਚਾਹੁੰਦੇ ਹਨ। ਪੰਜਾਬ ਵਿਚ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਲਾਲਸਾ ਇੰਨੀ ਜ਼ਿਆਦਾ ਵੱਧ ਰਹੀ ਹੈ ਕਿ ਹਰ ਕੋਈ ਵਿਦੇਸ਼ ਜਾਣ ਦੀ ਚਾਹਤ ਵਿਚ ਚੰਗੇ-ਮਾੜੇ ਢੰਗ-ਤਰੀਕੇ ਅਪਣਾ ਰਿਹਾ ਹੈ।
ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਨੌਜਵਾਨਾਂ ਨੂੰ ਦੇਸ਼ ਅੰਦਰ ਹੀ ਚੰਗੇ ਭਵਿੱਖ ਦੀ ਗਾਰੰਟੀ ਦੇਵੇ ਤਾਂ ਜੋ ਨੌਜਵਾਨ ਆਪਣੀ ਜਨਮ ਭੂਮੀ ਨੂੰ ਹੀ ਅਪਣੀ ਕਰਮਭੂਮੀ ਬਣਾ ਸਕਣ। ਇਸ ਭਵਿੱਖ ਨੂੰ ਸੰਵਾਰਨਾ ਅਤੇ ਬਚਾਉਣਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਸਰਕਾਰਾਂ ਨੂੰ ਇਸ ਵੱਧ ਰਹੇ ਰੁਝਾਨ ਵਲ ਧਿਆਨ ਦੇਣਾ ਚਾਹੀਦਾ ਹੈ। ਨੌਜਵਾਨਾਂ ਵਾਸਤੇ ਸਰਕਾਰਾਂ ਨੂੰ ਰੁਜ਼ਗਾਰ ਦੇ ਵਿਸ਼ੇਸ਼ ਮੌਕੇ ਉਜਾਗਰ ਕਰਨ ਦੀ ਲੋੜ ਹੈ ਤਾਂ ਕਿ ਉਹ ਬਿਗਾਨੇ ਮੁਲਕਾਂ ਵੱਲ ਮੂੰਹ ਨਾ ਕਰਨ।
ਰੋਜ਼ਾਨਾ ਵਿਦੇਸ਼ਾਂ ਨੂੰ ਜਾਂਦੇ ਪੰਜਾਬੀ ਨੌਜਵਾਨਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਉਹ ਸਮਾਂ ਦੂਰ ਨਹੀਂ, ਜਦੋਂ ਪੰਜਾਬ ਬੁੱਢਿਆਂ ਦਾ ਸੂਬਾ ਵੱਜਣ ਲੱਗ ਪਵੇਗਾ। ਪੰਜਾਬ ਦੀ ਜਵਾਨੀ ਧੜਾਧੜ ਵਿਦੇਸ਼ਾਂ ਵੱਲ ਜਾ ਰਹੀ ਹੈ। ਹਰੇਕ ਨੌਜਵਾਨ ਮੁੰਡਾ-ਕੁੜੀ ਹੁਣ ਬਾਰ੍ਹਵੀਂ ਤੋਂ ਬਾਅਦ ਆਈਲੈਟਸ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਪੰਜਾਬ ਨੂੰ ਅਲਵਿਦਾ ਆਖ ਵਿਦੇਸ਼ ਉਡਾਰੀ ਮਾਰ ਜਾਂਦਾ ਹੈ। ਆਖ਼ਰ ਪੰਜਾਬ ਦੀ ਜਵਾਨੀ ਆਪਣੇ ਵਤਨ ਰਹਿਣਾ ਕਿਉਂ ਪਸੰਦ ਨਹੀਂ ਕਰਦੀ। ਇਹ ਨੌਬਤ ਕਿਉਂ ਆਈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ। ਬਹੁਤੇ ਪਿੰਡਾਂ ਵਿਚ ਵੱਡੀਆਂ-ਵੱਡੀਆਂ ਕੋਠੀਆਂ ਵਿਚ ਇਕੱਲੇ ਬਜ਼ੁਰਗ ਹੀ ਰਹਿ ਰਹੇ ਹਨ, ਜਿਨ੍ਹਾਂ ਦੇ ਧੀ-ਪੁੱਤ ਵਿਦੇਸ਼ਾਂ ਵਿਚ ਹਨ। ਪਹਿਲਾਂ ਖ਼ਾਸਕਰ ਮਾਲਵੇ ਵਿਚ ਕਿਸੇ ਟਾਵੇਂ-ਟਾਵੇਂ ਪਿੰਡ ਦਾ ਕੋਈ ਮੁੰਡਾ ਵਿਦੇਸ਼ ਰਹਿੰਦਾ ਹੁੰਦਾ ਸੀ। ਹੁਣ ਹਰੇਕ ਪਿੰਡ ਵਿਚ ਅੱਧੋਂ ਵੱਧ ਨੌਜਵਾਨ ਮੁੰਡੇ-ਕੁੜੀਆਂ ਬਾਹਰਲੇ ਮੁਲਕਾਂ ਵਿਚ ਚਲੇ ਗਏ ਹਨ।
ਇਹ ਸੱਚ ਹੈ ਕਿ ਵਿਦੇਸ਼ਾਂ ਨੂੰ ਜਾਣਾ ਪੰਜਾਬੀਆਂ ਦਾ ਸ਼ੌਕ ਨਹੀਂ ਹੈ ਤੇ ਰੁਜ਼ਗਾਰ ਲਈ ਸਾਡੇ ਦੇਸ਼ ਦੀ ਜਵਾਨੀ ਵਿਦੇਸ਼ਾਂ ਨੂੰ ਜਾ ਰਹੀ ਹੈ। ਇਸ ਕਾਰਨ ਹਾਲਤ ਇਹ ਹੈ ਕਿ ਪੰਜਾਬ ਵਿਚ ਜਿਹੜੇ ਕਾਲਜਾਂ ਵਿਚ ਪਹਿਲਾਂ ਹਜ਼ਾਰਾਂ ਵਿਦਿਆਰਥੀ ਦਾਖਲ ਹੁੰਦੇ ਸਨ, ਹੁਣ ਉਨ੍ਹਾਂ ਕਾਲਜਾਂ ਵਿਚ ਸਿਰਫ ਚਾਰ-ਪੰਜ ਸੌ ਵਿਦਿਅਰਥੀਆਂ ਦਾ ਹੀ ਦਾਖਲਾ ਹੋ ਰਿਹਾ ਹੈ। ਕਈ ਕਾਲਜਾਂ ਵਿਚ ਤਾਂ ਵਿਦਿਆਰਥੀਆਂ ਦੀ ਗਿਣਤੀ ਇੰਨੀ ਘੱਟ ਗਈ ਕਿ ਕਾਲਜ ਬੰਦ ਹੋਣ ਕਿਨਾਰੇ ਹਨ। ਕਾਲਜਾਂ ਵਿਚ ਹੁਣ ਟਾਵੇਂ-ਟਾਵੇਂ ਉਹ ਵਿਦਿਆਰਥੀ ਰਹਿ ਗਏ ਹਨ, ਜਿਹੜੇ ਵਿਦੇਸ਼ਾਂ ਦੇ ਕਾਲਜਾਂ ਦੀ ਫੀਸ ਨਹੀਂ ਭਰ ਸਕਦੇ ਤੇ ਹੋਰ ਲੱਖਾਂ ਰੁਪਏ ਖ਼ਰਚ ਕੇ ਵਿਦੇਸ਼ ਨਹੀਂ ਜਾ ਸਕਦੇ। ਹਾਲਤ ਇਹ ਹੈ ਕਿ ਪਿੰਡਾਂ ਵਿਚ ਜਾਇਦਾਦ ਖਰੀਦਣ ਵਾਲਾ ਗਾਹਕ ਵੀ ਛੇਤੀ ਲੱਭ ਨਹੀਂ ਰਿਹਾ। ਇਸ ਕਾਰਨ ਜ਼ਮੀਨਾਂ ਦੇ ਵਾਜਬ ਭਾਅ ਵੀ ਨਹੀਂ ਮਿਲ ਰਹੇ ਤੇ ਬਹੁਤੇ ਲੋਕ ਮਜਬੂਰੀ ਕਰਕੇ ਆਪਣੀ ਜਾਇਦਾਦ ਸਸਤੇ ਭਾਅ ਦੇ ਰਹੇ ਹਨ। ਪੰਜਾਬ ਵਿਚ ਘਰਾਂ ਤੇ ਕੋਠੀਆਂ ਨੂੰ ਜਿੰਦਰੇ ਲੱਗ ਰਹੇ ਹਨ। ਅਜਿਹੇ ਘਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਅਫ਼ਸੋਸ ਸਾਡੀ ਸਮੇਂ ਦੀਆਂ ਸਰਕਾਰਾਂ ਨੂੰ ਇਸ ਦੀ ਕੋਈ ਫ਼ਿਕਰ ਨਹੀਂ ਹੈ।
ਜਦੋਂ ਤੋਂ ਬਾਹਰਲੇ ਦੇਸ਼ਾਂ ‘ਚ ਜਾਣ ਦਾ ਰੁਝਾਨ ਵਧਿਆ ਹੈ, ਉਦੋਂ ਤੋਂ ਹੀ ਸ਼ਹਿਰ, ਮੰਡੀ ਅਤੇ ਕਸਬਿਆਂ ‘ਚ ਆਈਲੈਟਸ ਕੇਂਦਰ ਵੱਡੀ ਪੱਧਰ ‘ਤੇ ਖੁੱਲ੍ਹ ਗਏ ਹਨ। ਪਹਿਲਾਂ ਜਿੱਥੇ ਸੂਬੇ ਦੇ ਦੋਆਬਾ ਖੇਤਰ ਦੇ ਲੋਕ ਵਿਦੇਸ਼ਾਂ ‘ਚ ਜਾਣ ਨੂੰ ਤਰਜੀਹ ਦਿੰਦੇ ਸਨ, ਉੱਥੇ ਹੁਣ ਮਾਝਾ ਅਤੇ ਮਾਲਵਾ ਖੇਤਰ ਦੇ ਲੋਕਾਂ ‘ਚ ਵੀ ਬਾਹਰ ਜਾਣ ਦਾ ਰੁਝਾਨ ਵੱਧ ਗਿਆ ਹੈ। ਮੁੰਡੇ-ਕੁੜੀਆਂ ਦਾ ਕਹਿਣਾ ਹੈ ਕਿ ਜੇਕਰ ਉਹ ਕਾਲਜਾਂ ‘ਚ ਜਾ ਕੇ ਉੱਚ ਵਿਦਿਆ ਪ੍ਰਾਪਤ ਕਰਦੇ ਹਨ, ਤਾਂ ਪੜ੍ਹਾਈ ‘ਤੇ ਲੱਖਾਂ ਰੁਪਏ ਖਰਚ ਆਉਂਦਾ ਹੈ ਪਰ ਅੱਗੇ ਨਾ ਸਰਕਾਰੀ ਨੌਕਰੀ ਮਿਲਦੀ ਹੈ ਤੇ ਨਾ ਹੀ ਕੋਈ ਰੁਜ਼ਗਾਰ।
ਇਕ ਪਾਸੇ ਤਾਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਪੰਜਾਬ ਖਾਲੀ ਹੋ ਰਿਹਾ ਹੈ ਅਤੇ ਦੂਜੇ ਪਾਸੇ ਨਸ਼ਾ ਹਰ ਘਰ ਤੱਕ ਅੱਪੜ ਗਿਆ ਹੈ ਅਤੇ ਨਸ਼ਿਆਂ ਕਰਕੇ ਪੰਜਾਬ ਵਿਚ ਨਿੱਤ ਰੋਜ਼ ਨੌਜਵਾਨਾਂ ਦੇ ਸਿਵੇ ਬਲਦੇ ਹਨ। ਨਸ਼ਿਆਂ ਕਾਰਨ ਸੂਬੇ ‘ਚ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਅਨੇਕਾਂ ਘਰ ਤਬਾਹ ਹੋ ਗਏ ਹਨ।
ਵੇਖਿਆ ਜਾਵੇ ਤਾਂ ਅੱਜ ਵੀ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਵਿਚ ਚਲੇ ਗਏ ਹਨ ਜਾਂ ਜਾਣ ਦੀ ਤਿਆਰੀ ਵਿਚ ਹਨ। ਜਿਹੜੇ ਨੌਜਵਾਨ ਦੇਸ਼ ਵਿਚ ਰਹਿ ਗਏ ਹਨ, ਉਨ੍ਹਾਂ ‘ਚੋਂ ਬਹੁਤਿਆਂ ਕੋਲ ਸਰਮਾਇਆ ਨਹੀਂ ਜਾਂ ਕੋਈ ਹੋਰ ਕਾਰਨ ਹਨ। ਵੈਸੇ ਇੱਥੋਂ ਦੀਆਂ ਸਰਕਾਰਾਂ ਦਾ ਨੌਜਵਾਨਾਂ ਪ੍ਰਤੀ ਬੇਹੱਦ ਮਾੜਾ ਰਵੱਈਆ ਵੇਖਦਿਆਂ ਇੱਥੇ ਕੋਈ ਵੀ ਰਹਿਣਾ ਨਹੀਂ ਚਾਹੁੰਦਾ। ਸੋ ਸਰਕਾਰ ਨੂੰ ਜਾਗਣ ਦੀ ਜ਼ਰੂਰਤ ਹੈ।