#INDIA

ਧੋਖਾਧੜੀ ਮਾਮਲੇ ‘ਚ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾਵਾਂ ਸਮੇਤ 9 ਖਿਲਾਫ ਸ਼ਿਕਾਇਤਾਂ ਦਰਜ

ਜੀਂਦ, 22 ਮਾਰਚ (ਪੰਜਾਬ ਮੇਲ)- ਜੀਂਦ ਸਮੇਤ ਹਰਿਆਣਾ ਦੇ ਕਈ ਜ਼ਿਲਿਆਂ ‘ਚ ਸੁਸਾਇਟੀ ਬਣਾ ਕੇ ਅਤੇ ਉਸ ‘ਚ ਨਿਵੇਸ਼ ਕਰਵਾ ਕੇ ਕਰੋੜਾਂ ਰੁਪਏ ਦੀ ਧੋਖਾਦੇਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਵੇਂ ਧੋਖਾਦੇਹੀ ਦੀ ਰਕਮ ਬਹੁਤ ਵੱਡੀ ਹੈ ਪਰ ਹੁਣ ਤੱਕ ਕੁਝ ਕੁ ਲੋਕਾਂ ਵੱਲੋਂ ਹੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ।
ਬਾਲੀਵੁੱਡ ਦੇ ਅਦਾਕਾਰ ਸ਼੍ਰੇਅਸ ਤਲਪੜੇ ਤੇ ਆਲੋਕ ਨਾਥ ਇਸ ਕੰਪਨੀ ਦੇ ਬ੍ਰਾਂਡ ਅੰਬੈਸਡਰ ਰਹੇ ਹਨ। ਹੁਣ ਇਹ ਕੰਪਨੀ ਬੰਦ ਹੋ ਚੁਕੀ ਹੈ। ਜ਼ਿਲ੍ਹਾ ਪੁਲਿਸ ਨੇ ਹਿਊਮਨ ਵੈਲਫੇਅਰ ਕ੍ਰੈਡਿਟ ਕੋਆਪਰੇਟਿਵ ਸੋਸਾਇਟੀ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਇਸ ਮਾਮਲੇ ‘ਚ ਇਹ ਦੱਸਿਆ ਗਿਆ ਹੈ ਕਿ ਸੁਸਾਇਟੀ ਨੇ ਮਲਟੀ-ਲੈਵਲ ਮਾਰਕੀਟਿੰਗ ਸਿਸਟਮ ‘ਤੇ ਕੰਮ ਕਰਦਿਆਂ ਕਰੋੜਾਂ ਰੁਪਏ ਦਾ ਨਿਵੇਸ਼ ਇਕੱਠਾ ਕੀਤਾ ਤੇ ਅੰਤ ‘ਚ ਕੰਪਨੀ ਲੋਕਾਂ ਦਾ ਪੈਸਾ ਲੈ ਕੇ ਫਰਾਰ ਹੋ ਗਈ।
ਜੁਲਾਨਾ ਪੁਲਿਸ ਨੇ ਦੁਬਈ ਤੇ ਮੁੰਬਈ ‘ਚ ਬੈਠੇ ਸ਼੍ਰੇਅਸ ਤੇ ਆਲੋਕ ਸਮੇਤ 9 ਵਿਅਕਤੀਆਂ ਵਿਰੁੱਧ ਧੋਖਾਦੇਹੀ ਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਸੋਨੀਪਤ ‘ਚ ਸ਼੍ਰੇਅਸ ਤੇ ਆਲੋਕ ਨਾਥ ਵਿਰੁੱਧ ਕੇਸ ਦਰਜ ਕੀਤਾ ਜਾ ਚੁੱਕਾ ਹੈ। ਇਸ ਸੁਸਾਇਟੀ ਨੇ ਸੋਨੀਪਤ ‘ਚ 50 ਕਰੋੜ ਰੁਪਏ ਤੋਂ ਵੱਧ ਦੀ ਧੋਖਾਦੇਹੀ ਕੀਤੀ ਹੈ।
ਸੋਨੀਪਤ ਜ਼ਿਲ੍ਹੇ ਦੇ ਛਪਰਾ ਪਿੰਡ ਦੇ ਵਸਨੀਕ ਜਸਵੀਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਹਿਊਮਨ ਵੈੱਲਫੇਅਰ ਕ੍ਰੈਡਿਟ ਕੋਆਪਰੇਟਿਵ ਸੋਸਾਇਟੀ ਲਿਮਟਿਡ ਨੇ ਵਿੱਤੀ ਯੋਜਨਾਵਾਂ ਰਾਹੀਂ ਲੋਕਾਂ ਨਾਲ ਧੋਖਾਦੇਹੀ ਕਰਨ ਦਾ ਗੰਭੀਰ ਅਪਰਾਧ ਕੀਤਾ ਹੈ।