#AMERICA

ਧੋਖਾਧੜੀ ਮਾਮਲੇ ‘ਚ ਟਰੰਪ ਖ਼ਿਲਾਫ਼ ਕਾਰਵਾਈ; 35.5 ਕਰੋੜ ਡਾਲਰ ਦਾ ਲੱਗਾ ਜੁਰਮਾਨਾ

ਨਿਊਯਾਰਕ, 20 ਫਰਵਰੀ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਕਾਰੋਬਾਰੀ ਸੰਗਠਨਾਂ ‘ਤੇ ਧੋਖਾਧੜੀ ਦੇ ਮਾਮਲੇ ‘ਚ 35.5 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ ਨਿਊਯਾਰਕ ਰਾਜ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਵੱਲੋਂ ਦਰਜ ਕਰਾਏ ਗਏ ਕਾਰੋਬਾਰੀ ਧੋਖਾਧੜੀ ਦੇ ਮਾਮਲੇ ਵਿਚ ਸ਼ੁੱਕਰਵਾਰ ਨੂੰ ਨਿਊਯਾਰਕ ਦੀ ਅਦਾਲਤ ਨੇ ਲਗਾਇਆ। ਅਦਾਲਤ ਨੇ ਟਰੰਪ ਅਤੇ ਉਨ੍ਹਾਂ ਦੇ ਕਾਰੋਬਾਰੀ ਸੰਗਠਨਾਂ ਨੂੰ 35.5 ਕਰੋੜ ਡਾਲਰ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਨਿਊਯਾਰਕ ਕਾਉਂਟੀ ਸੁਪਰੀਮ ਕੋਰਟ ਦੇ ਜਸਟਿਸ ਆਰਥਰ ਐੱਫ. ਐਂਗੋਰੋਨ ਨੇ ਇੱਕ ਹੁਕਮ ਵਿਚ ਕਿਹਾ ਕਿ ਟਰੰਪ ਅਤੇ ਉਨ੍ਹਾਂ ਦੇ ਕੰਟਰੋਲ ਵਾਲੀਆਂ ਸੰਸਥਾਵਾਂ ਨੇ ਅਕਾਊਂਟੈਂਟ ਨੂੰ ਗ਼ਲਤ ਵਿੱਤੀ ਡਾਟਾ ਪੇਸ਼ ਕੀਤਾ, ਜਿਸ ਨਾਲ ਧੋਖਾਧੜੀ ਵਾਲੇ ਵਿੱਤੀ ਵੇਰਵੇ ਸਾਹਮਣੇ ਆਏ।
ਅਦਾਲਤ ਨੇ ਟਰੰਪ, ਮਿਸਟਰ ਐਲਨ ਵੇਸਲਬਰਗ (ਟਰੰਪ ਆਰਗੇਨਾਈਜ਼ੇਸ਼ਨ ਦੇ ਸਾਬਕਾ ਮੁੱਖ ਵਿੱਤੀ ਅਧਿਕਾਰੀ) ਅਤੇ ਜੈਫਰੀ ਮੈਕਕੌਂਕੀ (ਟਰੰਪ ਆਰਗੇਨਾਈਜ਼ੇਸ਼ਨ ਦੇ ਸਾਬਕਾ ਕੰਟਰੋਲਰ) ਨੂੰ ਕਿਸੇ ਵੀ ਨਿਊਯਾਰਕ ਕਾਰਪੋਰੇਸ਼ਨ ਜਾਂ ਹੋਰ ਕਾਨੂੰਨੀ ਸੰਸਥਾ ਦੇ ਅਧਿਕਾਰੀ ਜਾਂ ਨਿਰਦੇਸ਼ਕ ਵਜੋਂ ਸੇਵਾ ਕਰਨ ਤੋਂ 3 ਸਾਲਾਂ ਲਈ ਪਾਬੰਦੀ ਲਗਾ ਦਿੱਤੀ ਹੈ। ਅਦਾਲਤ ਨੇ ਵੀਸਲਬਰਗ ਅਤੇ ਮੈਕਕੌਂਕੀ ਨੂੰ ਰਾਜ ਵਿਚ ਕਿਸੇ ਵੀ ਨਿਊਯਾਰਕ ਕਾਰਪੋਰੇਸ਼ਨ ਜਾਂ ਇਸੇ ਸਮਾਨ ਕਾਰੋਬਾਰੀ ਸੰਸਥਾ ਦੇ ਵਿੱਤੀ ਨਿਗਰਾਨੀ ਕਾਰਜ ਵਿੱਚ ਸੇਵਾ ਕਰਨ ਤੋਂ ਸਥਾਈ ਤੌਰ ‘ਤੇ ਰੋਕ ਦਿੱਤਾ। ਇਸ ਤੋਂ ਇਲਾਵਾ, ਵੇਸਲਬਰਗ ਦੇ ਨਾਲ-ਨਾਲ ਟਰੰਪ ਦੇ ਪੁੱਤਰਾਂ ਡੋਨਾਲਡ ਟਰੰਪ ਜੂਨੀਅਰ ਅਤੇ ਐਰਿਕ ਟਰੰਪ ਨੂੰ ਕ੍ਰਮਵਾਰ 10 ਲੱਖ ਡਾਲਰ ਅਤੇ 40.1 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਹੈ। ਐਰਿਕ ਟਰੰਪ ਅਤੇ ਡੋਨਾਲਡ ਟਰੰਪ ਜੂਨੀਅਰ ਨੇ ਫੈਸਲੇ ਦੀ ਆਲੋਚਨਾ ਕੀਤੀ ਹੈ, ਅਤੇ ਟਰੰਪ ਦੇ ਵਕੀਲ ਕ੍ਰਿਸ ਕਿਸ ਨੇ ਵੀ ਅਪੀਲ ਕਰਨ ਦੀ ਯੋਜਨਾ ਦਾ ਸੰਕੇਤ ਦਿੱਤਾ ਹੈ। ਕੇਸ ਦੀ ਸੁਣਵਾਈ 02 ਅਕਤੂਬਰ 2023 ਨੂੰ ਸ਼ੁਰੂ ਹੋਈ ਸੀ ਅਤੇ 11 ਜਨਵਰੀ 2024 ਨੂੰ ਸਮਾਪਤ ਹੋਈ ਸੀ। ਟਰੰਪ ਇਸ ਮਾਮਲੇ ਵਿਚ ਕਈ ਵਾਰ ਅਦਾਲਤ ਵਿੱਚ ਪੇਸ਼ ਹੋਏ ਸਨ।