ਧਰਮਸ਼ਾਲਾ, 9 ਮਾਰਚ (ਪੰਜਾਬ ਮੇਲ)- ਇੰਗਲੈਂਡ ਦੇ ਜੇਮਸ ਐਂਡਰਸਨ ਟੈਸਟ ਕ੍ਰਿਕਟ ਵਿਚ 700 ਵਿਕਟਾਂ ਲੈਣ ਵਾਲੇ ਪਹਿਲੇ ਤੇਜ਼ ਗੇਂਦਬਾਜ਼ ਅਤੇ ਕੁੱਲ ਮਿਲਾ ਕੇ ਤੀਜੇ ਗੇਂਦਬਾਜ਼ ਬਣ ਗਏ ਹਨ। ਆਪਣਾ 187ਵਾਂ ਟੈਸਟ ਮੈਚ ਖੇਡ ਰਹੇ 41 ਸਾਲਾ ਐਂਡਰਸਨ ਨੇ ਅੱਜ ਇੱਥੇ ਭਾਰਤ ਖ਼ਿਲਾਫ਼ ਪੰਜਵੇਂ ਅਤੇ ਆਖਰੀ ਟੈਸਟ ਮੈਚ ਦੇ ਤੀਜੇ ਦਿਨ ਕੁਲਦੀਪ ਯਾਦਵ ਨੂੰ ਵਿਕਟ ਦੇ ਪਿੱਛੇ ਕੈਚ ਕਰਵਾ ਕੇ ਆਪਣੀ 700ਵੀਂ ਵਿਕਟ ਹਾਸਲ ਕੀਤੀ। ਟੈਸਟ ਕ੍ਰਿਕਟ ਵਿਚ 600 ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿਚ ਸਿਰਫ਼ ਦੋ ਤੇਜ਼ ਗੇਂਦਬਾਜ਼ ਹਨ। ਐਂਡਰਸਨ ਤੋਂ ਬਾਅਦ ਇਸ ਸੂਚੀ ‘ਚ ਉਨ੍ਹਾਂ ਦੇ ਸਾਥੀ ਸਟੂਅਰਟ ਬ੍ਰਾਡ ਦਾ ਨਾਂ ਸ਼ਾਮਲ ਹੈ। ਪਿਛਲੇ ਸਾਲ ਸੰਨਿਆਸ ਲੈਣ ਵਾਲੇ ਬ੍ਰਾਡ ਦੇ ਨਾਂ 604 ਵਿਕਟਾਂ ਹਨ। ਸਾਰੇ ਗੇਂਦਬਾਜ਼ਾਂ ‘ਚ ਸ੍ਰੀਲੰਕਾ ਦੇ ਮਹਾਨ ਸਪਿੰਨਰ ਮੁਥੱਈਆ ਮੁਰਲੀਧਰਨ 800 ਵਿਕਟਾਂ ਲੈ ਕੇ ਸਿਖਰ ‘ਤੇ ਹਨ। ਉਸ ਤੋਂ ਬਾਅਦ ਆਸਟਰੇਲੀਆ ਦੇ ਸ਼ੇਨ ਵਾਰਨ (708 ਵਿਕਟਾਂ) ਦਾ ਨੰਬਰ ਆਉਂਦਾ ਹੈ। ਭਾਰਤ ਦੇ ਅਨਿਲ ਕੁੰਬਲੇ ਇਸ ਸੂਚੀ ‘ਚ ਚੌਥੇ ਸਥਾਨ ‘ਤੇ ਹਨ। ਉਨ੍ਹਾਂ ਨੇ 132 ਟੈਸਟ ਮੈਚਾਂ ‘ਚ 619 ਵਿਕਟਾਂ ਲਈਆਂ ਹਨ।