#OTHERS

ਦੱਖਣੀ ਕੋਰੀਆ ‘ਚ ਰੋਬੋਟ ਨੇ ਇਨਸਾਨ ਦੀ ਲਈ ਜਾਨ!

ਸਿਓਲ, 10 ਨਵੰਬਰ (ਪੰਜਾਬ ਮੇਲ)-ਆਧੁਨਿਕਤਾ ਦੇ ਇਸ ਯੁੱਗ ‘ਚ ਵਿਗਿਆਨ ਦੀ ਮਦਦ ਨਾਲ ਮਨੁੱਖ ਨੇ ਰੋਬੋਟ ਨੂੰ ਹਰ ਤਰ੍ਹਾਂ ਦਾ ਕੰਮ ਕਰਨ ਦੇ ਸਮਰੱਥ ਬਣਾ ਲਿਆ ਹੈ ਪਰ ਕਈ ਥਾਵਾਂ ‘ਤੇ ਇਸ ਦੇ ਮਾੜੇ ਪ੍ਰਭਾਵ ਵੀ ਦੇਖਣ ਨੂੰ ਮਿਲ ਰਹੇ ਹਨ। ਜਿੱਥੇ ਇਨਸਾਨਾਂ ਦੇ ਬਣਾਏ ਰੋਬੋਟ ਨੇ ਅਜਿਹੀ ਤਬਾਹੀ ਮਚਾਈ ਕਿ ਕੋਈ ਸੋਚ ਵੀ ਨਹੀਂ ਸਕਦਾ ਸੀ।
ਅਜਿਹੀ ਹੀ ਇਕ ਘਟਨਾ ਇਨ੍ਹੀਂ ਦਿਨੀਂ ਦੱਖਣੀ ਕੋਰੀਆ ਤੋਂ ਸਾਹਮਣੇ ਆਈ ਹੈ, ਜਿੱਥੇ ਇਕ ਰੋਬੋਟ ਨੇ ਇਕ ਇਨਸਾਨ ਦੀ ਜਾਨ ਲੈ ਲਈ ਹੈ। ਰਿਪੋਰਟਾਂ ਮੁਤਾਬਕ ਇੱਥੋਂ ਦੀ ਇਕ ਕੰਪਨੀ ‘ਚ ਤਾਇਨਾਤ ਇਕ ਰੋਬੋਟ ਨੇ ਇਕ ਵਿਅਕਤੀ ਦੇ ਹੱਥ ਵਿੱਚ ਸਬਜ਼ੀਆਂ ਵਾਲਾ ਥੈਲਾ ਦੇਖ ਕੇ ਇਸ ਨੂੰ ਡੱਬਾ ਸਮਝ ਲਿਆ ਅਤੇ ਚੁੱਕ ਕੇ ਦੂਰ ਸੁੱਟ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਵਿਅਕਤੀ ਇੱਥੇ ਉਸੇ ਰੋਬੋਟ ਨੂੰ ਠੀਕ ਕਰਨ ਆਇਆ ਸੀ।
ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਮੁਤਾਬਕ ਰੋਬੋਟ ਨੇ ਆਦਮੀ ਨੂੰ ਸਬਜ਼ੀਆਂ ਨਾਲ ਭਰਿਆ ਡੱਬਾ ਸਮਝ ਲਿਆ, ਜਿਸ ਤੋਂ ਬਾਅਦ ਰੋਬੋਟ ਨੂੰ ਲੱਗਾ ਕਿ ਉਸ ਨੂੰ ਉਥੋਂ ਹਟਾ ਦੇਣਾ ਚਾਹੀਦਾ ਹੈ, ਇਸ ਲਈ ਉਸ ਨੇ ਆਦਮੀ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ। ਪੁਲਸ ਨੇ ਇਸ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਉੱਥੋਂ ਦੇ ਸੇਫਟੀ ਮੈਨੇਜਰ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ‘ਚ ਵਿਅਕਤੀ ਦੇ ਚਿਹਰੇ ਅਤੇ ਛਾਤੀ ਨੂੰ ਮਸ਼ੀਨ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਉੱਥੇ ਮੌਜੂਦ ਲੋਕਾਂ ਨੇ ਪੀੜਤ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਸ ਨੇ ਉੱਥੇ ਹੀ ਦਮ ਤੋੜ ਦਿੱਤਾ। ਰਿਪੋਰਟ ਮੁਤਾਬਕ ਇਹ ਵਿਅਕਤੀ ਰੋਬੋਟ ਦੀ ਜਾਂਚ ਕਰਨ ਲਈ ਉੱਥੇ ਆਇਆ ਸੀ ਤੇ ਇਸੇ ਦੌਰਾਨ ਇਹ ਘਟਨਾ ਵਾਪਰ ਗਈ। ਇਸ ਪੂਰੇ ਮਾਮਲੇ ਸਬੰਧੀ ਪੁਲਸ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਰੋਬੋਟ ਵਿੱਚ ਤਕਨੀਕੀ ਖਰਾਬੀ ਆ ਗਈ ਸੀ ਅਤੇ ਉਸ ਨੇ ਵਿਅਕਤੀ ਦੀ ਪਛਾਣ ਕਰਨ ਵਿੱਚ ਗਲਤੀ ਕਰ ਦਿੱਤੀ। ਫਿਲਹਾਲ ਇਸ ਲਈ ਜ਼ਿੰਮੇਵਾਰ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਹਾਲਾਂਕਿ, ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਇਸ ਸਾਲ ਜੁਲਾਈ ਮਹੀਨੇ ‘ਚ ਰੂਸ ਤੋਂ ਇਕ ਖ਼ਬਰ ਸਾਹਮਣੇ ਆਈ ਸੀ, ਜਿੱਥੇ ਇਕ ਮੈਚ ਦੌਰਾਨ ਸ਼ਤਰੰਜ ਖੇਡਦੇ ਇਕ ਬੱਚੇ ਦੀ ਉਂਗਲ ਇਕ ਐਂਡ੍ਰਾਇਡ ਨੇ ਤੋੜ ਦਿੱਤੀ ਸੀ।