* ਗਾਜ਼ਾ ‘ਚ ਨਸਲਕੁਸ਼ੀ ਕਰਨ ਦਾ ਲਾਇਆ ਦੋਸ਼
* ਫ਼ੌਰੀ ਹਮਲੇ ਰੋਕਣ ਦੇ ਨਿਰਦੇਸ਼ ਦੇਣ ਦੀ ਕੀਤੀ ਅਪੀਲ
ਹੇਗ, 4 ਜਨਵਰੀ(ਪੰਜਾਬ ਮੇਲ)- ਦੱਖਣੀ ਅਫ਼ਰੀਕਾ ਨੇ ਸੰਯੁਕਤ ਰਾਸ਼ਟਰ ਦੀ ਸਿਖਰਲੀ ਅਦਾਲਤ ‘ਚ ਕੇਸ ਦਾਖ਼ਲ ਕਰਕੇ ਦੋਸ਼ ਲਾਇਆ ਹੈ ਕਿ ਗਾਜ਼ਾ ‘ਚ ਇਜ਼ਰਾਈਲੀ ਹਮਲੇ ਨਸਲਕੁਸ਼ੀ ਦੇ ਬਰਾਬਰ ਹਨ। ਉਧਰ ਇਜ਼ਰਾਈਲ ਨੇ ਕੌਮਾਂਤਰੀ ਅਦਾਲਤ ‘ਚ ਇਸ ਮਾਮਲੇ ਦਾ ਡੱਟ ਕੇ ਸਾਹਮਣਾ ਕਰਨ ਦਾ ਫ਼ੈਸਲਾ ਲਿਆ ਹੈ। ਦੱਖਣੀ ਅਫ਼ਰੀਕਾ ਨੇ 84 ਪੰਨਿਆਂ ਵਾਲੀ ਅਰਜ਼ੀ ‘ਚ ਕਿਹਾ ਹੈ ਕਿ ਇਜ਼ਰਾਈਲ ਦੀ ਕਾਰਵਾਈ ‘ਨਸਲਕੁਸ਼ੀ ਵਰਗੀ ਹੈ ਕਿਉਂਕਿ ਗਾਜ਼ਾ ‘ਚ ਫਲਸਤੀਨ ਦੇ ਵੱਡੇ ਹਿੱਸੇ ਨੂੰ ਤਬਾਹ ਕਰਨ ਦੀ ਉਸ ਦੀ ਮਨਸ਼ਾ ਹੈ।’ ਅਰਜ਼ੀ ‘ਚ ਕੌਮਾਂਤਰੀ ਅਦਾਲਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਹ ਐਲਾਨ ਕਰੇ ਕਿ ਇਜ਼ਰਾਈਲ ਨੇ ‘ਜੈਨੋਸਾਈਡ ਕਨਵੈਨਸ਼ਨ’ ਤਹਿਤ ਆਪਣੇ ਫ਼ਰਜ਼ਾਂ ਦੀ ਉਲੰਘਣਾ ਕੀਤੀ ਹੈ ਅਤੇ ਉਹ ਲਗਾਤਾਰ ਇਸ ਦੀ ਉਲੰਘਣਾ ਕਰ ਰਿਹਾ ਹੈ। ਇਹ ਵੀ ਅਪੀਲ ਕੀਤੀ ਗਈ ਹੈ ਕਿ ਇਜ਼ਰਾਈਲ ਨੂੰ ਗਾਜ਼ਾ ‘ਚ ਕਾਰਵਾਈ ਫ਼ੌਰੀ ਬੰਦ ਕਰਨ ਦੇ ਵੀ ਨਿਰਦੇਸ਼ ਦਿੱਤੇ ਜਾਣ, ਤਾਂ ਜੋ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਦੱਖਣੀ ਅਫ਼ਰੀਕਾ ਨੇ ਦਲੀਲ ਦਿੱਤੀ ਹੈ ਕਿ ਅਦਾਲਤ ਇਸ ‘ਚ ਦਖ਼ਲ ਦੇ ਸਕਦੀ ਹੈ ਕਿਉਂਕਿ ਦੋਵੇਂ ਮੁਲਕਾਂ ਨੇ ‘ਜੈਨੋਸਾਈਡ ਕਨਵੈਨਸ਼ਨ’ ‘ਚ ਦਸਤਾਵੇਜ਼ਾਂ ‘ਤੇ ਦਸਤਖ਼ਤ ਕੀਤੇ ਸਨ। ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਸਮੇਤ ਮੁਲਕ ਦੇ ਕਈ ਲੋਕਾਂ ਦਾ ਮੰਨਣਾ ਹੈ ਕਿ ਗਾਜ਼ਾ ਅਤੇ ਪੱਛਮੀ ਕੰਢੇ ‘ਚ ਇਜ਼ਰਾਇਲੀ ਨੀਤੀਆਂ ਦੱਖਣੀ ਅਫ਼ਰੀਕਾ ‘ਚ ਲੰਬੇ ਸਮੇਂ ਤੱਕ ਰਹੇ ਰੰਗਭੇਦੀ ਸ਼ਾਸਨ ਦੀਆਂ ਨੀਤੀਆਂ ਦੇ ਬਰਾਬਰ ਹੈ।