#EUROPE

ਦੱਖਣੀ ਅਫਰੀਕਾ ਨੂੰ ਰੰਗਭੇਦ ਤੋਂ ਮੁਕਤ ਕਰਾਉਣ ਵਾਲੀ ਏ.ਐੱਨ.ਸੀ. ਪਾਰਟੀ ਨੂੰ ਨਹੀਂ ਮਿਲਿਆ ਬਹੁਮਤ

30 ਸਾਲਾਂ ਵਿਚ ਪਹਿਲੀ ਵਾਰ ਬਹੁਮਤ ਗੁਆਇਆ; ਚੋਣ ਕਮਿਸ਼ਨ ਨੇ ਰਮਸੀ ਤੌਰ ‘ਤੇ ਅਜੇ ਨਹੀਂ ਐਲਾਨ ਨਤੀਜੇ
ਜੋਹਾਨੈੱਸਬਰਗ, 1 ਜੂਨ (ਪੰਜਾਬ ਮੇਲ)- ਦੱਖਣੀ ਅਫਰੀਕਾ ਵਿਚ ਇਤਿਹਾਸਕ ਚੋਣਾਂ ਦੇ ਨਤੀਜਿਆਂ ਵਿਚ ਅਫਰੀਕਨ ਨੈਸ਼ਨਲ ਪਾਰਟੀ (ਏ.ਐੱਨ.ਸੀ.) ਨੂੰ ਸੰਸਦ ਵਿਚ ਬਹੁਮਤ ਨਹੀਂ ਮਿਲਿਆ ਹੈ। ਦੱਖਣੀ ਅਫਰੀਕਾ ਨੂੰ ਰੰਗਭੇਦ ਤੋਂ ਮੁਕਤ ਕਰਵਾਉਣ ਵਾਲੀ ਏ.ਐੱਨ.ਸੀ. ਪਾਰਟੀ ਨੇ ਇਸ ਤਰ੍ਹਾਂ 30 ਸਾਲਾਂ ਵਿਚ ਪਹਿਲੀ ਵਾਰ ਬਹੁਮਤ ਗੁਆਇਆ ਹੈ।
ਸੰਸਦੀ ਚੋਣਾਂ ਲਈ ਬੁੱਧਵਾਰ ਨੂੰ ਪਈਆਂ ਵੋਟਾਂ ਮਗਰੋਂ ਖ਼ਬਰ ਲਿਖੇ ਜਾਣ ਤੱਕ ਲਗਪਗ 99 ਫੀਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਸੀ ਅਤੇ ਸੱਤਾਧਾਰੀ ਪਾਰਟੀ ਏ.ਐੱਨ.ਸੀ. ਨੂੰ 40 ਫੀਸਦੀ ਤੋਂ ਜ਼ਿਆਦਾ ਵੋਟਾਂ ਮਿਲੀਆਂ, ਜੋ ਕਿ ਬਹੁਮਤ ਤੋਂ ਘੱਟ ਹਨ। ਰਾਸ਼ਟਰਪਤੀ ਸਿਰਿਲ ਰਾਮਾਫੋਸਾ ਦੀ ਅਗਵਾਈ ਵਾਲੀ ਏ.ਐੱਨ.ਸੀ. ਨੇ 30 ਸਾਲ ਪਹਿਲਾਂ 1994 ਵਿਚ ਨੈਲਸਨ ਮੰਡੇਲਾ ਦੇ ਚੁਣੇ ਜਾਣ ਤੋਂ ਬਾਅਦ ਪਹਿਲੀ ਵਾਰ ਆਪਣਾ ਬਹੁਮਤ ਗੁਆਇਆ ਹੈ। ਚੋਣ ਕਮਿਸ਼ਨ ਨੇ ਅਜੇ ਆਖਰੀ ਨਤੀਜਿਆਂ ਦਾ ਰਸਮੀ ਤੌਰ ‘ਤੇ ਐਲਾਨ ਨਹੀਂ ਕੀਤਾ ਹੈ ਪਰ ਏ.ਐੱਨ.ਸੀ. ਨੂੰ 50 ਫੀਸਦੀ ਤੋਂ ਵੱਧ ਵੋਟਾਂ ਨਹੀਂ ਮਿਲ ਸਕਦੀਆਂ। ਵਿਰੋਧੀ ਪਾਰਟੀਆਂ ਨੇ ਇਸ ਨੂੰ ਗ਼ਰੀਬੀ ਅਤੇ ਅਸਮਾਨਤਾ ਨਾਲ ਜੂਝ ਰਹੇ ਦੇਸ਼ ਲਈ ਇਕ ਅਹਿਮ ਸਫਲਤਾ ਦੱਸਿਆ। ਏ.ਐੱਨ.ਸੀ. ਹਾਲਾਂਕਿ, ਕਿਸੇ ਤਰ੍ਹਾਂ ਸਭ ਤੋਂ ਵੱਡੀ ਪਾਰਟੀ ਬਣੀ ਰਹੀ ਪਰ ਹੁਣ ਉਸ ਨੂੰ ਸਰਕਾਰ ‘ਚ ਬਣੇ ਰਹਿਣ ਅਤੇ ਰਾਸ਼ਟਰਪਤੀ ਰਾਮਾਫੋਸਾ ਨੂੰ ਦੂਜੇ ਕਾਰਜਕਾਲ ਲਈ ਮੁੜ ਤੋਂ ਚੁਣੇ ਜਾਣ ਵਾਸਤੇ ਗੱਠਜੋੜ ਸਹਿਯੋਗੀਆਂ ਦੀ ਭਾਲ ਕਰਨੀ ਹੋਵੇਗੀ। ਚੋਣਾਂ ਦੇ ਸ਼ੁਰੂ ਵਿਚ ਕਮਿਸ਼ਨ ਨੇ ਕਿਹਾ ਸੀ ਕਿ ਉਸ ਵੱਲੋਂ ਨਤੀਜਿਆਂ ਦਾ ਰਸਮੀ ਐਲਾਨ ਐਤਵਾਰ ਤੱਕ ਕੀਤਾ ਜਾਵੇਗਾ ਪਰ ਨਤੀਜੇ ਜਲਦੀ ਵੀ ਆ ਸਕਦੇ ਹਨ।