#OTHERS

ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜ਼ੂਮਾ ਸੰਸਦੀ ਚੋਣ ਲੜਨ ਦੇ ਅਯੋਗ ਕਰਾਰ

ਕੇਪਟਾਊਨ, 20 ਮਈ (ਪੰਜਾਬ ਮੇਲ)- ਦੱਖਣੀ ਅਫਰੀਕਾ ਦੀ ਸਰਵਉੱਚ ਅਦਾਲਤ ਨੇ ਫੈਸਲਾ ਸੁਣਾਇਆ ਕਿ ਸਾਬਕਾ ਰਾਸ਼ਟਰਪਤੀ ਜੈਕਬ ਜ਼ੂਮਾ ਨੂੰ ਪਿਛਲੀ ਅਪਰਾਧਿਕ ਸਜ਼ਾ ਕਾਰਨ ਅਗਲੇ ਹਫਤੇ ਹੋਣ ਵਾਲੀਆਂ ਰਾਸ਼ਟਰੀ ਚੋਣਾਂ ਵਿੱਚ ਸੰਸਦ ਲਈ ਉਮੀਦਵਾਰ ਵਜੋਂ ਖੜ੍ਹੇ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਫੈਸਲੇ ਨਾਲ ਸਿਆਸੀ ਤਣਾਅ ਵਧਣ ਦੀ ਸੰਭਾਵਨਾ ਹੈ। ਅਦਾਲਤ ਨੇ ਕਿਹਾ ਕਿ ਸੰਵਿਧਾਨ ਦੀ ਇੱਕ ਧਾਰਾ ਉਨ੍ਹਾਂ ਨੂੰ ਚੋਣ ਲੜਨ ਦੇ ਅਯੋਗ ਕਰਾਰ ਦਿੰਦੀ ਹੈ, ਜਿਨ੍ਹਾਂ ਨੂੰ 12 ਮਹੀਨਿਆਂ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੋਵੇ। ਇਹ ਧਾਰਾ 82 ਸਾਲਾ ਜ਼ੂਮਾ ‘ਤੇ ਲਾਗੂ ਹੁੰਦੀ ਹੈ। ਜ਼ੂਮਾ ਨੂੰ 2021 ਵਿਚ ਅਦਾਲਤ ਨੇ ਸਰਕਾਰੀ ਭ੍ਰਿਸ਼ਟਾਚਾਰ ਦੀ ਨਿਆਂਇਕ ਜਾਂਚ ਵਿਚ ਗਵਾਹੀ ਦੇਣ ਤੋਂ ਇਨਕਾਰ ਕਰਨ ਲਈ ਅਦਾਲਤ ਦੀ ਤੌਹੀਨ ਲਈ 15 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਜ਼ੂਮਾ 2009-2018 ਤੱਕ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਨ ਪਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਪਿਛਲੇ ਸਾਲ ਨਵੀਂ ਪਾਰਟੀ ਦੇ ਨਾਲ ਰਾਜਨੀਤੀ ਵਿਚ ਵਾਪਸੀ ਕੀਤੀ।