#AMERICA

ਦੋ ਬੱਚਿਆਂ ਸਮੇਤ ਭਾਰਤੀ ਪਰਿਵਾਰ ਦੀ ਦੋ ਸਾਲ ਪਹਿਲਾਂ ਠੰਢ ਲੱਗਣ ਕਾਰਨ ਮੌਤ ਦਾ ਮਾਮਲਾ

ਕੈਨੇਡਾ ਸਰਹੱਦ ਪਾਰ ਕਰਨ ਤੋਂ ਪਹਿਲਾਂ ਭਾਰਤੀ ਪਰਿਵਾਰ ਨੂੰ ਮੁਸ਼ਕਲ ਹਾਲਾਤਾਂ ਬਾਰੇ ਦਿੱਤੀ ਗਈ ਸੀ ਚਿਤਾਵਨੀ
-ਇਸਤਗਾਸਾ ਪੱਖ ਵੱਲੋਂ ਮਿਨੀਸੋਟਾ ਦੀ ਸੰਘੀ ਅਦਾਲਤ ‘ਚ ਰਿਪੋਰਟ ਪੇਸ਼
ਮਿਨੀਆਪੋਲਿਸ, 28 ਮਾਰਚ (ਪੰਜਾਬ ਮੇਲ)- ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਸਾਲ 2022 ਵਿਚ ਅਮਰੀਕਾ-ਕੈਨੇਡਾ ਬਾਰਡਰ ਪਾਰ ਕਰਵਾਉਣ ਤੋਂ ਪਹਿਲਾਂ ਉਥੋਂ ਦੇ ਮੁਸ਼ਕਲ ਹਾਲਾਤ ਬਾਰੇ ਚਿਤਾਵਨੀ ਦਿੱਤੀ ਗਈ ਸੀ। ਇਹ ਸਾਰੀ ਜਾਣਕਾਰੀ ਇਸਤਗਾਸਾ ਪੱਖ ਨੇ ਸੰਘੀ ਅਦਾਲਤ ਵਿਚ ਸਾਂਝੀ ਕੀਤੀ ਹੈ। ਦੋ ਬੱਚਿਆਂ ਸਣੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਦੋ ਸਾਲ ਪਹਿਲਾਂ ਠੰਢ ਲੱਗਣ ਕਾਰਨ ਮੌਤ ਹੋ ਗਈ ਸੀ। ‘ਡਰਟੀ ਹੈਰੀ’ ਵਜੋਂ ਬਦਨਾਮ ਹਰਸ਼ ਕੁਮਾਰ ਰਮਨਲਾਲ ਪਟੇਲ (28) ਨੇ ਇਸ ਪਰਿਵਾਰ ਨੂੰ ਗ਼ੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਮਨੁੱਖੀ ਤਸਕਰੀ ਨਾਲ ਜੁੜੇ ਸੱਤ ਮਾਮਲਿਆਂ ਵਿਚ ਅੱਜ ਮਿਨੀਸੋਟਾ ਦੀ ਸੰਘੀ ਅਦਾਲਤ ਵਿਚ ਉਸ ਨੂੰ ਪੇਸ਼ ਕੀਤਾ ਗਿਆ। ਪਿਛਲੇ ਹਫ਼ਤੇ ਖੋਲ੍ਹੇ ਗਏ ਇੱਕ ਨਵੇਂ ਮਾਮਲੇ ਮੁਤਾਬਕ ਉਸ ਨੇ ਭਾਰਤੀ ਨਾਗਰਿਕਾਂ ਨੂੰ ਕੈਨੇਡਾ ਤੋਂ ਸ਼ਿਕਾਗੋ ਖੇਤਰ ਤੱਕ ਪਹੁੰਚਾਉਣ ਲਈ ਇੱਕ ਡਰਾਈਵਰ ਨੂੰ ਕਥਿਤ ਕੰਮ ‘ਤੇ ਰੱਖਿਆ ਸੀ। ਉਸ ਡਰਾਈਵਰ ‘ਤੇ ਵੀ ਚਾਰ ਦੋਸ਼ ਲਗਾਏ ਗਏ ਹਨ। ਜ਼ਿਕਰਯੋਗ ਹੈ ਕਿ ਜਗਦੀਸ਼ ਪਟੇਲ (39), ਉਸ ਦੀ ਪਤਨੀ ਵੈਸ਼ਾਲੀਬੇਨ ਪਟੇਲ (37), ਉਸ ਦੀ ਧੀ ਵਿਹਾਂਗੀ (11) ਅਤੇ ਪੁੱਤਰ ਧਾਰਮਿਕ (ਤਿੰਨ ਸਾਲ) ਦੀ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਕੈਨੇਡਾ ਦੇ ਮਿਨੀਸੋਟਾ ਸ਼ਹਿਰ ਵਿਚ ਠੰਢ ਲੱਗਣ ਕਾਰਨ ਮੌਤ ਹੋ ਗਈ ਸੀ। ਫਲੋਰਿਡਾ ਵਾਸੀ ਸਟੀਵ ਸ਼ੈਂਡ ਨੂੰ 19 ਜਨਵਰੀ 2022 ਨੂੰ ਇੱਕ ਵੈਨ ਵਿਚ 15 ਲੋਕਾਂ ਨੂੰ ਲੱਦ ਕੇ ਅਮਰੀਕੀ ਸਰਹੱਦ ਵਿਚ ਗ਼ੈਰਕਾਨੂੰਨੀ ਦਾਖ਼ਲ ਹੁੰਦਿਆਂ ਮਨੁੱਖੀ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵੈਨ ਵਿਚ ਗੁਜਰਾਤ ਦਾ ਇਹ ਪਰਿਵਾਰ ਵੀ ਸਵਾਰ ਸੀ।