#INDIA

ਦੇਸ਼ ਵਾਸੀਆਂ ਨਾਲ ਮਿਲ ਕੇ ਤਾਨਾਸ਼ਾਹੀ ਖ਼ਿਲਾਫ਼ ਲੜਾਂਗੇ: ਕੇਜਰੀਵਾਲ

-ਤਿਹਾੜ ਜੇਲ ‘ਚੋਂ ਬਾਹਰ ਆਉਂਦੇ ਹੀ ਭਾਜਪਾ ਪ੍ਰਤੀ ਸਖਤ ਹੋਏ ਮੁੱਖ ਮੰਤਰੀ
ਨਵੀਂ ਦਿੱਲੀ, 10 ਮਈ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ‘ਚੋਂ ਨਿਕਲਦੇ ਹੀ ‘ਆਪ’ ਦੇ ਕਾਰਕੁਨਾਂ ਨੂੰ ਸੰਦੇਸ਼ ਦਿੱਤਾ ਕਿ ਦੇਸ਼ ਦੇ 140 ਕਰੋੜ ਵਾਸੀਆਂ ਨਾਲ ਮਿਲ ਕੇ ਤਾਨਾਸ਼ਾਹੀ ਖਿਲਾਫ ਲੜਨਾ ਹੈ। ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਮਗਰੋਂ ਤਿਹਾੜ ਜੇਲ੍ਹ ‘ਚੋਂ ਗੇਟ ਨੰਬਰ ਚਾਰ ਤੋਂ ਬਾਹਰ ਬਾਹਰ ਕਾਰਾਂ ਦੇ ਕਾਫਲੇ ਦੇ ਰੂਪ ਵਿਚ ਆਪਣੀ ਸਰਕਾਰੀ ਰਿਹਾਇਸ਼ ਲਈ ਰਵਾਨਾ ਹੋਏ ਕੇਜਰੀਵਾਲ ਨੇ ਰਾਹ ਵਿੱਚ ਪਾਰਟੀ ਵਰਕਰਾਂ ਨੂੰ ਸੰਖੇਪ ਸੰਬੋਧਨ ਕੀਤਾ। ਉਨ੍ਹਾਂ ਕਿਹਾ, ‘ਮੈਂ ਹਨੂੰਮਾਨ ਜੀ ਦੇ ਚਰਨਾਂ ‘ਚ ਵੰਦਨਾ ਕਰਨਾ ਚਾਹੁੰਦਾ ਹਾਂ ਤੇ ਉਨ੍ਹਾਂ ਦੇ ਅਸ਼ੀਰਵਾਦ ਨਾਲ ਤੁਹਾਡੇ ਵਿਚ ਹਾਂ। ਤੁਹਾਡੇ ਵਿਚ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ।” ਕੇਜਰੀਵਾਲ ਨੇ ਕਿਹਾ ਕਿ ਭਲਕੇ ਉਹ 11 ਵਜੇ ਕਨਾਟ ਪਲੇਸ ਸਥਿਤ ਹਨੁਮਾਨ ਮੰਦਰ ਵਿਖੇ ਪੂਜਾ ਕਰਨਗੇ। ਉਨ੍ਹਾਂ ਕਿਹਾ ਕਿ ਭਲਕੇ ‘ਆਪ’ ਦੇ ਕੌਮੀ ਹੈੱਡ ਕੁਆਰਟਰ ਵਿਖੇ ਇਕ ਵਜੇ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ ਤੇ ਬਾਕੀ ਗੱਲ ਕੀਤੀ ਜਾਵੇਗੀ। ਤਿਹਾੜ ਜੇਲ੍ਹ ਵਿਚੋਂ ਕਾਰ ਰਾਹੀਂ ਬਾਹਰ ਆਉਂਦਿਆਂ ਹੋਏ ਉਨ੍ਹਾਂ ਨਾਲ ਸ਼੍ਰੀਮਤੀ ਸੁਨੀਤਾ ਕੇਜਰੀਵਾਲ, ਆਮ ਆਦਮੀ ਪਾਰਟੀ ਦੇ ਸੰਗਠਨ ਸਕੱਤਰ ਡਾ. ਸੰਦੀਪ ਪਾਠਕ ਵੀ ਸਨ। ਉਹ ਜੇਲ੍ਹ ਦੇ ਗੇਟ ਨੰਬਰ ਚਾਰ ਤੋਂ ਸਰਕਾਰੀ ਰਿਹਾਇਸ਼ ਲਈ ਰਵਾਨਾ ਹੋਏ। ਜਦੋਂਕਿ ਤਿਹਾੜ ਜੇਲ੍ਹ ਦੇ ਗੇਟ ਨੰਬਰ 1 ਉਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਆਗੂ ਉਨ੍ਹਾਂ ਦੀ ਉਡੀਕ ਕਰ ਰਹੇ ਸਨ। ਵੱਡੀ ਗਿਣਤੀ ‘ਚ ਸਮਰਥਕ ਵੀ ਉੱਥੇ ਖੜ੍ਹੇ ਸਨ। ਦੇਰ ਸ਼ਾਮ ਉਨ੍ਹਾਂ ਦੀ ਰਿਹਾਇਸ਼ ਉਪਰ ਜਸ਼ਨ ਦਾ ਮਾਹੌਲ ਸੀ। ਮੁੱਖ ਗੇਟ ਅੱਗੇ ਪਟਾਕੇ ਚਲਾਏ ਗਏ ਤੇ ਗੇਂਦੇ ਦੇ ਫੁੱਲਾਂ ਨਾਲ ਸੜਕ ਨੂੰ ਢੱਕ ਕੇ ਸਵਾਗਤੀ ਤਿਆਰੀ ਕੀਤੀ ਗਈ।