-ਸਕੂਲਾਂ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਮਾਪੇ ਡਰੇ
ਨਵੀਂ ਦਿੱਲੀ, 1 ਮਈ (ਪੰਜਾਬ ਮੇਲ)- ਦੇਸ਼ ਦੇ ਕਈ ਸੂਬਿਆਂ ਦੇ ਸਕੂਲਾਂ ਤੇ ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਪੁਲਿਸ ਤਾਇਨਾਤ ਹੈ ਤੇ ਸੂਬਿਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਸਕੂਲਾਂ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਬੱਚਿਆਂ ਦੇ ਮਾਪੇ ਵੀ ਡਰੇ ਹੋਏ ਹਨ। ਸਕੂਲ ਪ੍ਰਸ਼ਾਸਨ ਵੀ ਚੌਕਸ ਹੈ।
ਦੇਸ਼ ਦੇ ਚਾਰ ਹਵਾਈ ਅੱਡਿਆਂ ਨੂੰ ਬੀਤੇ ਦਿਨੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਈ-ਮੇਲ ਜ਼ਰੀਏ ਇਹ ਦਾਅਵਾ ਕੀਤਾ ਗਿਆ ਸੀ ਕਿ ਕੋਲਕਾਤਾ ਹਵਾਈ ਅੱਡੇ ਸਮੇਤ ਦੇਸ਼ ਦੇ ਚਾਰ ਵੱਖ-ਵੱਖ ਹਵਾਈ ਅੱਡਿਆਂ ‘ਤੇ ਬੰਬ ਰੱਖੇ ਗਏ ਹਨ। ਇਹ ਖ਼ਬਰ ਮਿਲਦਿਆਂ ਹੀ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ। ਸੀ.ਆਈ.ਐੱਸ.ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਈ-ਮੇਲ 26 ਅਪ੍ਰੈਲ ਨੂੰ ਮਿਲੀ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਦੇਸ਼ ਦੇ ਚਾਰ ਵੱਖ-ਵੱਖ ਹਵਾਈ ਅੱਡਿਆਂ ‘ਤੇ ਬੰਬ ਰੱਖੇ ਗਏ ਸਨ। ਸੂਚਨਾ ਮਿਲਦਿਆਂ ਹੀ ਹਵਾਈ ਅੱਡਿਆਂ ‘ਤੇ ਡੂੰਘਾਈ ਨਾਲ ਜਾਂਚ ਕੀਤੀ ਗਈ ਤੇ ਬਾਅਦ ‘ਚ ਇਹ ਧਮਕੀ ਅਫਵਾਹ ਸਾਬਿਤ ਹੋਈ।
ਜੈਪੁਰ ਹਵਾਈ ਅੱਡੇ ‘ਤੇ ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਸੋਮਵਾਰ (29 ਅਪ੍ਰੈਲ) ਨੂੰ ਸਾਂਝੇ ਤੌਰ ‘ਤੇ ਪੂਰੀ ਜਾਂਚ ਕੀਤੀ। ਏਅਰਪੋਰਟ ਥਾਣੇ ਦੇ ਐੱਸ.ਐੱਚ.ਓ. ਮੋਤੀ ਲਾਲ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਵੱਲੋਂ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਭੇਜੀ ਗਈ ਸੀ।
ਐੱਸ.ਐੱਚ.ਓ. ਨੇ ਦੱਸਿਆ ਕਿ ਹਵਾਈ ਅੱਡੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੀ ਧਮਕੀ 26 ਅਪ੍ਰੈਲ ਨੂੰ ਵੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਭੇਜਣ ਵਾਲੇ ਦੀ ਪਛਾਣ ਕਰਨ ਤੇ ਉਸ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਈ-ਮੇਲ ਰਾਹੀਂ ਰਾਜ ਭਵਨ ਨੂੰ ਉਡਾਉਣ ਦੀ ਧਮਕੀ ਮਿਲਣ ‘ਤੇ ਪਟਨਾ ਪੁਲਿਸ ਦੇ ਹੋਸ਼ ਉੱਡ ਗਏ। ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਐੱਸ.ਪੀ. (ਸੈਂਟਰਲ) ਚੰਦਰ ਪ੍ਰਕਾਸ਼ ਦੀ ਅਗਵਾਈ ਹੇਠ ਐਂਟੀ-ਸਬੋਟੇਜ ਜਾਂਚ ਸ਼ੁਰੂ ਕਰ ਦਿੱਤੀ ਗਈ। ਬੰਬ ਨਿਰੋਧਕ ਦਸਤੇ ਨੇ ਰਾਜ ਭਵਨ ਦੇ ਕੋਨੇ-ਕੋਨੇ ਦੀ ਜਾਂਚ ਕੀਤੀ ਪਰ ਕੋਈ ਵੀ ਵਿਸਫੋਟਕ ਜਾਂ ਸ਼ੱਕੀ ਪਦਾਰਥ ਨਹੀਂ ਮਿਲਿਆ।