#OTHERS

ਦੂਜੇ ਵਿਸ਼ਵ ਯੁੱਧ ‘ਚ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸ਼ਰਧਾਂਜਲੀ

-ਜਪਾਨ ਖ਼ਿਲਾਫ਼ ਸਿੰਗਾਪੁਰ-ਮਲਾਇਆ ਦੀ ਰੱਖਿਆ ਕਰਦਿਆਂ ਦਿੱਤੀ ਸੀ ਕੁਰਬਾਨੀ
ਸਿੰਗਾਪੁਰ, 9 ਫਰਵਰੀ (ਪੰਜਾਬ ਮੇਲ)- ਸਿੰਗਾਪੁਰ ਦੇ ਇੱਕ ਮੰਤਰੀ ਅਤੇ ਭਾਰਤ ਸਮੇਤ ਰਾਸ਼ਟਰਮੰਡਲ ਦੇ ਸੱਤ ਦੇਸ਼ਾਂ ਦੇ ਹਾਈ ਕਮਿਸ਼ਨਰਾਂ ਨੇ ਸਿੱਖ ਭਾਈਚਾਰੇ ਨਾਲ ਮਿਲ ਕੇ ਇੱਥੇ ਉਨ੍ਹਾਂ ਫੌਜੀਆਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਸਿੰਗਾਪੁਰ-ਮਲਾਇਆ ਦੀ ਰੱਖਿਆ ਕਰਦਿਆਂ ਸ਼ਹਾਦਤਾਂ ਦਿੱਤੀਆਂ ਸਨ।
ਕ੍ਰਾਂਜੀ ਵਾਰ ਮੈਮੋਰੀਅਲ ਵਿਚ ਯਾਦਗਾਰੀ ਸਮਾਗਮ ਕਰਵਾਇਆ, ਜਿਸ ਵਿਚ 3,318 ਸ਼ਹੀਦ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਹ ਫੌਜੀ ਉਸ ਸਮੇਂ ਦੇ ਅਣਵੰਡੇ ਪੰਜਾਬ ਦੇ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਸਨ, ਜਿਨ੍ਹਾਂ ਨੇ ਜਪਾਨੀ ਫੌਜਾਂ ਖ਼ਿਲਾਫ਼ ਸਿੰਗਾਪੁਰ ਤੇ ਮਲਾਇਆ ਦੀ ਰੱਖਿਆ ਕਰਦਿਆਂ ਕੁਰਬਾਨੀ ਦਿੱਤੀ ਸੀ।
ਸੀਨੀਅਰ ਰਾਜ ਮੰਤਰੀ ਮੁਰਲੀ ਪਿੱਲੈ ਭਾਈਚਾਰੇ ਦੇ ਲਗਪਗ 400 ਮੈਂਬਰਾਂ ਅਤੇ ਆਗੂਆਂ ਨਾਲ ਇਸ ਯਾਦਗਾਰੀ ਸਮਾਗਮ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਪੂਰਬੀ ਤੱਟ ‘ਤੇ ਤਤਕਾਲੀ ਪ੍ਰਵਾਸੀ ਸਿੱਖਾਂ ਵੱਲੋਂ ਬਣਾਏ ਗੁਰਦੁਆਰੇ ਦੇ 100 ਸਾਲਾ ਸਥਾਪਨਾ ਦਿਵਸ ਸਬੰਧੀ ਸਮਾਗਮ ਵਿਚ ਵੀ ਹਿੱਸਾ ਲਿਆ। ਬਰਤਾਨੀਆ, ਆਸਟਰੇਲੀਆ, ਮਲੇਸ਼ੀਆ, ਭਾਰਤ, ਨਿਊਜ਼ੀਲੈਂਡ, ਕੈਨੇਡਾ ਤੇ ਪਾਕਿਸਤਾਨ, ਜੋ ਦੂਜੇ ਵਿਸ਼ਵ ਯੁੱਧ ਦਾ ਹਿੱਸਾ ਸਨ, ਦੇ ਹਾਈ ਕਮਿਸ਼ਨਰਾਂ ਨੇ ਕ੍ਰਾਂਜੀ ਵਾਰ ਮੈਮੋਰੀਅਲ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਪਰਦੇਸੀ ਖਾਲਸਾ ਧਰਮ ਦੀਵਾਨ (ਪੀ.ਕੇ.ਡੀ.ਡੀ.) ਦੇ ਸਕੱਤਰ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਗੁਰਦੁਆਰੇ ਦੀ ਸਥਾਪਨਾ 100 ਸਾਲ ਪਹਿਲਾਂ ਸਿੰਗਾਪੁਰ ਵਿਚ ਰਹਿਣ ਵਾਲੇ ਸਿੱਖਾਂ ਨੇ ਕੀਤੀ ਸੀ। ਉਨ੍ਹਾਂ ਕਿਹਾ, ”ਉਨ੍ਹਾਂ ਦਾ ਯੋਗਦਾਨ ਸਿੱਖ ਅਤੇ ਵਿਸ਼ਵ ਇਤਿਹਾਸ ਦੋਵਾਂ ਵਿਚ ਸਦੀਵੀ ਅਧਿਆਏ ਹੈ।” ਉਨ੍ਹਾਂ ਦੱਸਿਆ ਕਿ ਦੀਵਾਨ ਹਰ ਸਾਲ ਇਹ ਯਾਦਗਾਰੀ ਸਮਾਗਮ ਕਰਵਾ ਰਿਹਾ ਹੈ, ਪਰ ਇਸ ਵਾਰ ਗੁਰਦੁਆਰੇ ਦੀ ਸ਼ਤਾਬਦੀ ਕਾਰਨ ਇਹ ਵੱਡੇ ਪੱਧਰ ‘ਤੇ ਮਨਾਇਆ ਗਿਆ।