-ਮੈਕਸੀਕੋ ਨਾਲ ਲੱਗਦੀ ਸਰਹੱਦ ਨੂੰ ਗ਼ੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਬੰਦ ਕਰ ਦੇਵਾਂਗਾ : ਟਰੰਪ
ਵਾਸ਼ਿੰਗਟਨ, 13 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਉਹ ਇਸ ਵਾਰ ਅਮਰੀਕੀ ਰਾਸ਼ਟਰਪਤੀ ਚੋਣ ਜਿੱਤਦੇ ਹਨ, ਤਾਂ ਉਹ ਸਭ ਤੋਂ ਪਹਿਲਾਂ ਕੀ ਕਰਨਗੇ। ਉਸਨੇ ਕਿਹਾ ਕਿ ਉਹ ਵਾਸ਼ਿੰਗਟਨ ਦੇ ਕੈਪੀਟਲ ਹਿੱਲ ‘ਤੇ 2021 ਦੇ ਹਮਲੇ ਵਿਚ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਤੁਰੰਤ ਰਿਹਾਅ ਕਰੇਗਾ ਅਤੇ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਮੈਕਸੀਕੋ ਨਾਲ ਲੱਗਦੀ ਸਰਹੱਦ ਨੂੰ ਬੰਦ ਕਰ ਦੇਵੇਗਾ। ਇਸ ਸਬੰਧ ‘ਚ ਟਰੰਪ ਨੇ ਹਾਲ ਹੀ ‘ਚ ਆਪਣੇ ਸੋਸ਼ਲ ਮੀਡੀਆ ਟਰੁੱਥ ਸੋਸ਼ਲ (Truth Social) ‘ਤੇ ਇਕ ਪੋਸਟ ਪਾਈ ਹੈ। ਸੰਨ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ, ਟਰੰਪ ਨੇ ਜੋਅ ਬਾਇਡਨ ਦੀ ਜਿੱਤ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਭਾਸ਼ਣ ਦਿੱਤਾ। ਇਸ ਤੋਂ ਨਾਰਾਜ਼ ਉਨ੍ਹਾਂ ਦੇ ਸਮਰਥਕਾਂ ਨੇ 6 ਜਨਵਰੀ 2021 ਨੂੰ ਵਾਸ਼ਿੰਗਟਨ ਦੀ ਇਤਿਹਾਸਕ ਕੈਪੀਟਲ ਹਿੱਲ ਦੀ ਇਮਾਰਤ ‘ਤੇ ਹਮਲਾ ਕਰ ਦਿੱਤਾ ਸੀ। ਇਸ ਮਾਮਲੇ ਵਿਚ ਸੈਂਕੜੇ ਲੋਕ ਗ੍ਰਿਫ਼ਤਾਰ ਵੀ ਹੋ ਚੁੱਕੇ ਹਨ ਅਤੇ ਜੇਲ੍ਹਾਂ ਵਿਚ ਸਜ਼ਾ ਕੱਟ ਰਹੇ ਹਨ। 25 ਅਪ੍ਰੈਲ ਨੂੰ, ਸੰਯੁਕਤ ਰਾਜ ਦੀ ਸੁਪਰੀਮ ਕੋਰਟ ਵੱਲੋਂ ਕੈਪੀਟਲ ਹਿੱਲ ਬਗਾਵਤ ਦੇ ਮਾਮਲੇ ਵਿਚ ਰਾਸ਼ਟਰਪਤੀ ਨੂੰ ਸੰਵਿਧਾਨਕ ਸੁਰੱਖਿਆ ਦੇ ਮਾਮਲੇ ਵਿਚ ਟਰੰਪ ਖਿਲਾਫ ਇੱਕ ਅਹਿਮ ਫੈਸਲਾ ਸੁਣਾਇਆ ਜਾਵੇਗਾ। ਇਸ ਫੈਸਲੇ ‘ਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਟਰੰਪ ਨੂੰ ਦੂਜੇ ਕਾਰਜਕਾਲ ਲਈ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਦਾ ਅਧਿਕਾਰ ਹੈ ਜਾਂ ਨਹੀਂ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਦੀ ਚੋਣ ਇਸ ਸਾਲ 5 ਨਵੰਬਰ ਅਮਰੀਕਾ ਵਿਚ ਹੋਣੀ ਹੈ। ਇਸ ਚੋਣ ਵਿਚ ਟਰੰਪ ਅਤੇ ਮੌਜੂਦਾ ਰਾਸ਼ਟਰਪਤੀ ਬਾਇਡਨ ਇੱਕ ਵਾਰ ਫਿਰ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਟਰੰਪ ਪਹਿਲਾਂ ਹੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦਾ ਫੈਸਲਾ ਕਰਨ ਵਾਲੀਆਂ ਰਿਪਬਲਿਕਨ ਪ੍ਰਾਇਮਰੀਜ਼ ਚੋਣਾਂ ਜਿੱਤ ਚੁੱਕੇ ਹਨ।
ਦੁਬਾਰਾ ਜਿੱਤਣ ‘ਤੇ ਕੈਪੀਟਲ ਹਿੱਲ ਹਮਲੇ ਮਾਮਲੇ ‘ਚ Arrest ਲੋਕਾਂ ਨੂੰ ਤੁਰੰਤ ਕਰਾਂਗਾ ਰਿਹਾਅ : ਟਰੰਪ
