#INDIA

ਦਿੱਲੀ-NCR ‘ਚ ਦੇਰ ਤਕ ਮਹਿਸੂਸ ਕੀਤੇ ਗਏ ਭੂਚਾਲ ਦੇ ਜ਼ਬਰਦਸਤ ਝਟਕੇ

ਨਵੀਂ ਦਿੱਲੀ, 11 ਜਨਵਰੀ (ਪੰਜਾਬ ਮੇਲ)- ਵੀਰਵਾਰ ਨੂੰ ਦਿੱਲੀ-ਐੱਨ.ਸੀ.ਆਰ., ਪੰਜਾਬ ਸਮੇਤ ਚੰਡੀਗੜ੍ਹ ਅਤੇ ਜੰਮੂ-ਕਸ਼ਮੀਰ ‘ਚ ਭੂਚਾਲ ਨਾਲ ਇਕ ਵਾਰ ਫਿਰ ਧਰਤੀ ਕੰਬ ਗਈ। ਭੂਚਾਲ ਦੇ ਇਹ ਝਟਕੇ ਕਾਫੀ ਦੇਰ ਤਕ ਮਹਿਸੂਸ ਕੀਤੇ ਗਏ। ਜਿਵੇਂ ਹੀ ਭੂਚਾਲ ਆਇਆ ਤਾਂ ਲੋਕ ਆਪਣੇ ਘਰਾਂ ਅਤੇ ਦਫਤਰਾਂ ‘ਚੋਂ ਬਾਹਰ ਨਿਕਲ ਆਏ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ ‘ਚ ਸੀ ਅਤੇ ਹਿੰਦੁਕੁਸ਼ ਖੇਤਰ ‘ਚ ਰਿਕਟਰ ਸਕੇਲ ‘ਤੇ ਇਸਦੀ ਤਿਬਰਤਾ 6.2 ਮਾਪੀ ਗਈ। ਇਸਤੋਂ ਇਲਾਵਾ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਪੀਰ ਪੰਚਾਲ ਖੇਤਰ ਦੇ ਦੱਖਣ ‘ਚ ਵੀ ਭੂਚਾਲ ਦੇ ਇਹ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਇਹ ਝਟਕੇ ਸਿਰਫ ਭਾਰਤ ਹੀ ਨਹੀਂ ਸਗੋਂ ਗੁਆਂਢੀ ਦੇਸ਼ ਪਾਕਿਸਤਾਨ ‘ਚ ਵੀ ਮਹਿਸੂਸ ਕੀਤੇ ਗਏ।
ਦੱਸ ਦੇਈਏ ਕਿ ਮਾਹਿਰ ਦਿੱਲੀ-ਐੱਨ.ਸੀ.ਆਰ. ਦੇ ਭੂਚਾਲ ਨੂੰ ਲੈ ਕੇ ਪਹਿਲਾਂ ਹੀ ਚਿਤਾਵਨੀ ਜਾਰੀ ਕਰ ਚੁੱਕੇ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ-ਐੱਨ.ਸੀ.ਆਰ. ‘ਚ ਕਦੇ ਵੀ ਵੱਡਾ ਭੂਚਾਲ ਆ ਸਕਦਾ ਹੈ। ਹਾਲਾਂਕਿ, ਇਹ ਕਦੋਂ ਆਏਗਾ ਇਸਦੀ ਪੁਸ਼ਟੀ ਅਜੇ ਨਹੀਂ ਕੀਤੀ ਗਈ। ਮਾਹਿਰਾਂ ਮੁਤਾਬਕ, ਦਿੱਲੀ-ਐੱਨ.ਸੀ.ਆਰ. ਦੇ ਹੇਠਾਂ 100 ਤੋਂ ਜ਼ਿਆਦਾ ਲੰਬੀਆਂ ਅਤੇ ਡੂੰਘੀਆਂ ਫਾਲਟਸ ਹਨ। ਇਨ੍ਹਾਂ ‘ਚੋਂ ਕੁਝ ਦਿੱਲੀ-ਹਰਿਦੁਆਰ ਰਿਜ, ਦਿੱਲੀ-ਸਰਗੋਧਾ ਰਿਜ ਅਤੇ ਗ੍ਰੇਟ ਬਾਊਂਡਰੀ ਫਾਲਟ ‘ਤੇ ਹਨ।