#INDIA

ਦਿੱਲੀ ਹਾਈ ਕੋਰਟ ਵੱਲੋਂ ਸੱਜਣ ਕੁਮਾਰ ਖ਼ਿਲਾਫ਼ ਮਾਮਲੇ ‘ਚ ਕਤਲ ਦੀ ਧਾਰਾ ਜੋੜਨ ਦਾ ਨਿਰਦੇਸ਼

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ, 30 ਮਈ (ਪੰਜਾਬ ਮੇਲ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਬੀਤੇ ਸਮੇਂ ਵਿਚ ਰੋਜ਼ ਐਵੇਨਿਊ ਕੋਰਟ ‘ਚ 1984 ਕਤਲੇਆਮ ਦੇ ਮਾਮਲੇ ਦੀ ਚੱਲ ਰਹੀ ਸੁਣਵਾਈ ਦੌਰਾਨ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਲੱਗੀ ਧਾਰਾ 302 ਅਤੇ 325 ਖ਼ਤਮ ਕਰ ਦਿੱਤੀਆਂ ਗਈਆਂ ਸਨ। ਉਨ੍ਹਾਂ ਇਸ ਮਾਮਲੇ ਵਿਚ ਦਿੱਲੀ ਦੇ ਉਪ ਰਾਜਪਾਲ ਨੂੰ ਸਾਰੇ ਵੇਰਵੇ ਦੇ ਕੇ ਦੱਸਿਆ ਸੀ ਕਿ ਇਹ ਸਿੱਖ ਨਸਲਕੁਸ਼ੀ ਦਾ ਮਾਮਲਾ ਹੈ, ਜਿਸ ਵਿਚ ਰੰਗਾਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮਗਰੋਂ ਥਾਣਾ ਵਿਕਾਸਪੁਰੀ ਵਿਚ 1992 ‘ਚ ਐੱਫ.ਆਈ.ਆਰ. ਨੰਬਰ 227/92 ਤੇ ਐੱਫ.ਆਈ.ਆਰ. ਨੰਬਰ 264/92 ਥਾਣਾ ਦਰਜ ਹੋਈਆਂ ਸਨ।
ਆਗੂਆਂ ਨੇ ਦੱਸਿਆ ਕਿ ਸੱਜਣ ਕੁਮਾਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਜਿਸ ਭੀੜ ਦੀ ਅਗਵਾਈ ਕਰ ਰਿਹਾ ਸੀ, ਉਸ ਨੇ ਸੋਹਣ ਸਿੰਘ ਤੇ ਅਵਤਾਰ ਸਿੰਘ ਨਾਮ ਦੇ ਦੋ ਸਿੱਖਾਂ ਦਾ ਕਤਲ ਕੀਤਾ ਸੀ। ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਦਿੱਤੀ ਗਈ ਅਰਜ਼ੀ ਦਾ ਨੋਟਿਸ ਲੈਂਦਿਆਂ ਉਪ ਰਾਜਪਾਲ ਨੇ ਵਿਸ਼ੇਸ਼ ਜਾਂਚ ਟੀਮ ਨੂੰ ਸੱਜਣ ਕੁਮਾਰ ਖ਼ਿਲਾਫ਼ ਹਾਈ ਕੋਰਟ ਵਿਚ ਅਪੀਲ ਦਾਇਰ ਕਰਨ ਲਈ ਕਿਹਾ ਸੀ। ਦੋਹਾਂ ਆਗੂਆਂ ਨੇ ਦੱਸਿਆ ਕਿ ਅੱਜ ਹਾਈ ਕੋਰਟ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਜੱਜ ਨੇ ਮੰਨਿਆ ਕਿ ਸੱਜਣ ਕੁਮਾਰ ਨੂੰ ਬਰੀ ਕੀਤਾ ਜਾਣਾ ਗਲਤ ਹੈ ਅਤੇ ਉਸ ਖ਼ਿਲਾਫ਼ ਦਰਜ ਮਾਮਲੇ ‘ਚ ਧਾਰਾ 302 ਤੇ 325 ਦੀਆਂ ਧਾਰਾਵਾਂ ਜੋੜੀਆਂ ਜਾਣੀਆਂ ਚਾਹੀਦੀਆਂ ਹਨ। ਅਦਾਲਤ ਨੇ ਮਾਮਲੇ ‘ਚ ਮੁੜ ਤੋਂ ਉਕਤ ਦੋਵੇਂ ਧਾਰਾਵਾਂ ਜੋੜਨ ਦਾ ਨਿਰਦੇਸ਼ ਦਿੱਤਾ ਹੈ।