ਦੋਵਾਂ ਧਿਰਾਂ ਦੀ ਗੁਜਰਾਤ ਤੇ ਹਰਿਆਣਾ ’ਚ ਵੀ ਸੀਟਾਂ ਦੀ ਵੰਡ ਲਈ ਬਣੀ ਸਹਿਮਤੀ
ਦਿੱਲੀ , 23 ਫ਼ਰਵਰੀ (ਪੰਜਾਬ ਮੇਲ)-ਅਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਦਿੱਲੀ, ਗੁਜਰਾਤ ਤੇ ਹਰਿਆਣਾ ਵਿਚ ਸੀਟਾਂ ਦੀ ਵੰਡ ਦਾ ਫਾਰਮੂਲਾ ਲਗਪਗ ਨੇਪਰੇ ਚੜ੍ਹ ਗਿਆ ਹੈ। ਸੂਤਰਾਂ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਦੋਵੇਂ ਪਾਰਟੀਆਂ ਜਲਦੀ ਹੀ ਸਮਝੌਤੇ ਬਾਰੇ ਐਲਾਨ ਕਰ ਸਕਦੀਆਂ ਹਨ। ‘ਆਪ’ ਵਿਚਲੇ ਸੂਤਰਾਂ ਨੇ ਕਿਹਾ ਕਿ ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਵਿਚੋਂ ਆਮ ਆਦਮੀ ਪਾਰਟੀ ਚਾਰ ਸੀਟਾਂ- ਦੱਖਣੀ ਦਿੱਲੀ, ਪੱਛਮੀ ਦਿੱਲੀ, ਉੱਤਰ ਪੱਛਮੀ ਦਿੱਲੀ ਤੇ ਨਵੀਂ ਦਿੱਲੀ ਤੋਂ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਜਦੋਂਕਿ ਕਾਂਗਰਸ ਚਾਂਦਨੀ ਚੌਕ, ਪੂਰਬੀ ਦਿੱਲੀ ਤੇ ਉੱਤਰ ਪੂਰਬੀ ਦਿੱਲੀ ਤੋਂ ਚੋਣ ਲੜੇਗੀ। ਮੌਜੂਦਾ ਸਮੇਂ ਕੌਮੀ ਰਾਜਧਾਨੀ ਵਿਚ ਲੋਕ ਸਭਾ ਦੀਆਂ ਸੱਤ ਸੀਟਾਂ ਭਾਜਪਾ ਕੋਲ ਹਨ। ਕਰਾਰ ਤਹਿਤ ਕਾਂਗਰਸ ਨੇ ‘ਆਪ’ ਨੂੰ ਹਰਿਆਣਾ ਵਿਚ ਇਕ ਅਤੇ ਗੁਜਰਾਤ ਵਿਚ ਦੋ ਸੀਟਾਂ ਦੇਣ ਦਾ ਫੈਸਲਾ ਕੀਤਾ ਹੈ। ਹਰਿਆਣਾ ਦੀ ਇਕ ਸੀਟ ਗੁਰੂਗ੍ਰਾਮ ਜਾਂ ਫਰੀਦਾਬਾਦ ਹੋ ਸਕਦੀ ਹੈ ਜਦੋਂਕਿ ਗੁਜਰਾਤ ਦੀਆਂ ਦੋ ਸੀਟਾਂ ਵਿਚ ਭਰੁਚ ਤੇ ਭਾਵਨਗਰ ਸ਼ਾਮਲ ਹਨ। ਭਰੁਚ ਸੀਟ ਲਈ ਸਾਬਕਾ ਸੀਨੀਅਰ ਪਾਰਟੀ ਆਗੂ ਅਹਿਮਦ ਪਟੇਲ ਦਾ ਪੁੱਤਰ ਤੇ ਧੀ ਦਾਅਵੇਦਾਰ ਸਨ। ਸੂਤਰਾਂ ਮੁਤਾਬਕ ਚੰਡੀਗੜ੍ਹ ਸੰਸਦੀ ਸੀਟ ਲਈ ਵੀ ਕਾਂਗਰਸ ਤੇ ‘ਆਪ’ ਵਿਚ ਸਹਿਮਤੀ ਬਣ ਗਈ ਹੈ। ਕਰਾਰ ਤਹਿਤ ਕਾਂਗਰਸ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਆਪਣਾ ਉਮੀਦਵਾਰ ਖੜ੍ਹਾ ਕਰੇਗੀ ਤੇ ‘ਆਪ’ ਵੱਲੋਂ ਉਸ ਦੀ ਹਮਾਇਤ ਕੀਤੀ ਜਾਵੇਗੀ। ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਪੱਛੜ ਗਈ ਹੈ, ਹਾਲਾਂਕਿ ਉਨ੍ਹਾਂ ਇਸ਼ਾਰਾ ਕੀਤਾ ਸੀ ਕਿ ਅਗਲੇ ਇਕ ਜਾਂ ਦੋ ਦਿਨਾਂ ਵਿਚ ਕੋਈ ਐਲਾਨ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ (ਜਥੇਬੰਦੀ) ਸੰਦੀਪ ਪਾਠਕ ਬੇਨੌਲਿਮ ਤੋਂ ਵਿਧਾਇਕ ਵੈਂਜ਼ੀ ਵੇਗਸ ਨੂੰ ਦੱਖਣੀ ਗੋਆ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਐਲਾਨ ਚੁੱਕੇ ਹਨ। ਉਨ੍ਹਾਂ ਗੁਜਰਾਤ ਦੀ ਭਰੁਚ ਸੰਸਦੀ ਸੀਟ ਤੋਂ ਚੈਤਰ ਵਸਾਵਾ ਤੇ ਭਾਵਨਗਰ ਸੀਟ ਤੋਂ ਉਮੇਸ਼ਭਾਈ ਮਕਵਾਨਾ ਨੂੰ ਪਾਰਟੀ ਉਮੀਦਵਾਰ ਐਲਾਨਿਆ ਸੀ। ਵਸਾਵਾ ਤੇ ਮਕਵਾਨਾ ਕ੍ਰਮਵਾਰ ਗੁਜਰਾਤ ਦੇ ਦੇਦੀਆਪਾੜਾ ਤੇ ਬੋਟਾੜ ਹਲਕਿਆਂ ਤੋਂ ਵਿਧਾਇਕ ਹਨ। ਪਾਰਟੀ ਅਸਾਮ ਦੀਆਂ ਤਿੰਨ ਸੰਸਦੀ ਸੀਟਾਂ- ਡਿਬਰੂਗੜ੍ਹ ਤੋਂ ਮਨੋਜ ਧਨੋਵਰ, ਗੁਹਾਟੀ ਤੋਂ ਬਾਬੇਨ ਚੌਧਰੀ ਤੇ ਸੋਨਿਤਪੁਰ ਤੋਂ ਰਿਸ਼ੀ ਰਾਜ ਦਾ ਨਾਂ ਉਮੀਦਵਾਰ ਵੱਜੋਂ ਐਲਾਨ ਕਰ ਚੁੱਕੀ ਹੈ।
ਰਾਹੁਲ ਤੇ ਪਵਾਰ ਵੱਲੋਂ ਸੀਟਾਂ ਦੀ ਵੰਡ ਬਾਰੇ ਚਰਚਾ
ਮੁੰਬਈ: ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਜੈਯੰਤ ਪਾਟਿਲ ਨੇ ਅੱਜ ਕਿਹਾ ਕਿ ਪਾਰਟੀ ਪ੍ਰਧਾਨ ਸ਼ਰਦ ਪਵਾਰ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟਾਂ ਦੀ ਵੰਡ ਦੇ ਫਾਰਮੂਲੇ ’ਤੇ ਵਿਚਾਰ ਚਰਚਾ ਕੀਤੀ ਹੈ। ਮਹਾਰਾਸ਼ਟਰ ਕਾਂਗਰਸ ਦੇ ਇੰਚਾਰਜ ਰਮੇਸ਼ ਚੇਨੀਥਲਾ ਨੇ ਦਾਅਵਾ ਕੀਤਾ ਸੀ ਕਿ ਮਹਾ ਵਿਕਾਸ ਅਗਾੜੀ (ਐੱਮਵੀਏ) ਵਿਚ ਸ਼ਾਮਲ ਪਾਰਟੀਆਂ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਆਖਰੀ ਪੜਾਅ ’ਤੇ ਹੈ ਤੇ ਅੰਤਿਮ ਫੈਸਲੇ ਦਾ ਐਲਾਨ ਗੱਠਜੋੜ ਦੀ 27 ਤੇ 28 ਫਰਵਰੀ ਨੂੰ ਹੋਣ ਵਾਲੀ ਬੈਠਕ ਉਪਰੰਤ ਕੀਤਾ ਜਾਵੇਗਾ। ਪਾਟਿਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਵਾਰ ਤੇ ਰਾਹੁਲ ਗਾਂਧੀ ਨੇ ਫੋਨ ’ਤੇ ਗੱਲਬਾਤ ਕੀਤੀ ਹੈ। ਐੱਮਵੀਏ ਵਿਚ ਕਾਂਗਰਸ, ਐੱਨਸੀਪੀ-ਸ਼ਰਦ ਚੰਦਰ ਪਵਾਰ, ਸ਼ਿਵ ਸੈਨਾ (ਯੂਬੀਟੀ) ਤੇ ਪ੍ਰਕਾਸ਼ ਅੰਬੇਦਕਰ ਦੀ ਵੰਚਿਤ ਬਹੁਜਨ ਅਗਾੜੀ ਸ਼ਾਮਲ ਹਨ।