#PUNJAB

ਦਿੱਲੀ ਪੁਲੀਸ ਨੇ ਮੁਕਾਬਲੇ ਮਗਰੋਂ ਬਿਸ਼ਨੋਈ ਗਰੋਹ ਦੇ 15 ਸਾਲਾ ਮੈਂਬਰ ਸਣੇ ਦੋ ਗੈਂਗਸਟਰ ਕਾਬੂ ਕੀਤੇ

ਨਵੀਂ ਦਿੱਲੀ, 9 ਦਸੰਬਰ (ਪੰਜਾਬ ਮੇਲ)- ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਇੱਥੇ ਵਸੰਤ ਕੁੰਜ ਇਲਾਕੇ ‘ਚ ਮੁਕਾਬਲੇ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚੋਂ ਇੱਕ ਨਾਬਾਲਗ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਨੀਸ਼ (23) ਅਤੇ 15 ਸਾਲਾ ਲੜਕੇ ਵਜੋਂ ਹੋਈ ਹੈ। ਦੋਵਾਂ ਨੂੰ ਬੀਤੀ ਰਾਤ ਵਸੰਤ ਕੁੰਜ ਦੇ ਪਾਕੇਟ-9 ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਪੁਲੀਸ ਨੂੰ ਸੂਹ ਕਿ ਦੋਵਾਂ ਨੂੰ ਦੱਖਣੀ ਦਿੱਲੀ ਦੇ ਪ੍ਰਮੁੱਖ ਹੋਟਲ ਦੇ ਬਾਹਰ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਨ੍ਹਾਂ ਦਾ ਅਜਿਹਾ ਕਰਨ ਪਿੱਛੇ ਇਰਾਦਾ ਜਬਰੀ ਵਸੂਲੀ ਦਾ ਜਾਪਦਾ ਹੈ। ਉਨ੍ਹਾਂ ਨੂੰ ਗੈਂਗਸਟਰ ਅਨਮੋਲ ਬਿਸ਼ਨੋਈ ਦੇ ਨਿਰਦੇਸ਼ਾਂ ‘ਤੇ ਪੰਜਾਬ ਦੀ ਜੇਲ੍ਹ ‘ਚ ਬੰਦ ਅਮਿਤ ਤੋਂ ਨਿਰਦੇਸ਼ ਮਿਲੇ ਸਨ। ਅਨਮੋਲ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਚਚੇਰਾ ਭਰਾ ਹੈ ਅਤੇ ਸ਼ੱਕ ਹੈ ਕਿ ਉਹ ਕੈਨੇਡਾ ਵਿੱਚ ਲੁਕਿਆ ਹੋਇਆ ਹੈ। ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਮੁਲਜ਼ਮਾਂ ਵੱਲੋਂ ਪੰਜ ਗੋਲੀਆ ਪੁਲੀਸ ’ਤੇ ਚਲਾਈਆਂ ਗਈਆਂ ਤੇ ਜਵਾਬੀ ਕਾਰਵਾਈ ਵਿੱਚ ਪੁਲੀਸ ਨੇ ਦੋ ਗੋਲੀਆਂ ਚਲਾ ਕੇ ਇਨ੍ਹਾਂ ਨੂੰ ਕਾਬੂ ਕਰ ਲਿਆ।ਦੋਵਾਂ ਪਾਸਿਓ ਕੋਈ ਜ਼ਖ਼ਮੀ ਨਹੀਂ ਹੋਇਆ। ਮੁਲਜ਼ਮਾ ਕੋਲੋਂ ਦੋ ਪਿਸਤੌਲ ਅਤੇ ਚਾਰ ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ।