#INDIA

ਦਿੱਲੀ ਪੁਲਿਸ ਨੇ ਇਹਤਿਆਤ ਵਜੋਂ ਟਿਕਰੀ ਹੱਦ ‘ਤੇ ਸੁਰੱਖਿਆ ਵਧਾਈ

ਨਵੀਂ ਦਿੱਲੀ, 14 ਫਰਵਰੀ (ਪੰਜਾਬ ਮੇਲ)- ਵਿਰੋਧ ਪ੍ਰਦਰਸ਼ਨ ਲਈ ਦਿੱਲੀ ਵੱਲ ਰਵਾਨਾ ਹੋਏ ਕਿਸਾਨਾਂ ਦੀ ਸ਼ੰਭੂ (ਪੰਜਾਬ-ਹਰਿਆਣਾ) ਬਾਰਡਰ ‘ਤੇ ਪੁਲਿਸ ਨਾਲ ਝੜਪ ਹੋਣ ਤੋਂ ਬਾਅਦ ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਹੈ। ਬਾਰਡਰ ਦੇ ਦੋਵੇਂ ਰਸਤਿਆਂ ‘ਤੇ ਸੀਮਿੰਟ ਦੇ ਪੰਜ-ਪੰਜ ਫੁੱਟ ਲੰਬੇ ਬਲਾਕ ਲਗਾਉਣ ਦੇ ਨਾਲ ਹੀ ਬਹੁ-ਪਰਤੀ ਬੈਰੀਕੇਡਾਂ ਰਾਹੀਂ ਇਸ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਹੈ।
ਦਿੱਲੀ ਪੁਲਿਸ ਨੇ ਟਿਕਰੀ ਮੈਟਰੋ ਸਟੇਸ਼ਨ ਨੇੜੇ ਹਾਈਵੇਅ ਨੂੰ ਜੋੜਨ ਵਾਲੀ ਆਸਪਾਸ ਦੀਆਂ ਸੜਕਾਂ ਅਤੇ ਪਿੰਡਾਂ ਦੇ ਸਾਰੇ ਦਾਖਲਾ ਤੇ ਨਿਕਾਸੀ ਪੁਆਇੰਟਾਂ ਨੂੰ ਵੀ ਬੰਦ ਕਰ ਦਿੱਤਾ ਹੈ। ਹਾਲਾਂਕਿ, ਗਰੀਨ ਲਾਈਨ ‘ਤੇ ਮੈਟਰੋ ਸੇਵਾਵਾਂ ਅਜੇ ਵੀ ਚੱਲ ਰਹੀਆਂ ਹਨ। ਵਿਸ਼ੇਸ਼ ਪੁਲਿਸ ਕਮਿਸ਼ਨਰ (ਕਾਨੂੰਨ ਤੇ ਵਿਵਸਥਾ) ਮਧੁਪ ਤਿਵਾੜੀ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਟਿਕਰੀ ਬਾਰਡਰ ਦਾ ਦੌਰਾ ਕੀਤਾ। ਤਿਵਾੜੀ ਨੇ ਕਿਹਾ, ”ਅਸੀਂ ਐਂਬੂਲੈਂਸ ਵਰਗੀਆਂ ਐਮਰਜੈਂਸੀ ਸੇਵਾਵਾਂ ਤੇ ਜੋ ਲੋਕ ਦਿੱਲੀ ਵੱਲ ਪੈਦਲ ਜਾ ਰਹੇ ਹਨ, ਉਨ੍ਹਾਂ ਨੂੰ ਮੈਟਰੋ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।”