#INDIA

ਦਿੱਲੀ ਦੇ ਉਪ ਰਾਜਪਾਲ ਵੱਲੋਂ ਸਵਾਤੀ ਮਾਲੀਵਾਲ ਦੇ ਹੱਕ ‘ਚ ਹਾਅ ਦਾ ਨਾਅਰਾ

ਸਕਸੈਨਾ ਨੇ ਮਾਮਲੇ ‘ਚ ਮੁੱਖ ਮੰਤਰੀ ਦੀ ਚੁੱਪ ‘ਤੇ ਸਵਾਲ ਉਠਾਏ; ਕੇਜਰੀਵਾਲ ਤੋਂ ਸਪੱਸ਼ਟੀਕਰਨ ਮੰਗਿਆ
ਨਵੀਂ ਦਿੱਲੀ, 23 ਮਈ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨਾਲ ਤਲਖ ਰਿਸ਼ਤਿਆਂ ਦਰਮਿਆਨ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ ਹੈ। ਸਕਸੈਨਾ ਨੇ ਕਿਹਾ ਕਿ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ‘ਤੇ ਹਮਲੇ ਸਬੰਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ‘ਗੰਭੀਰ ਚੁੱਪ’ ਉਨ੍ਹਾਂ ਦੇ ‘ਔਰਤਾਂ ਦੀ ਸੁਰੱਖਿਆ ਬਾਰੇ ਰੁਖ਼’ ਸਬੰਧੀ ਬਹੁਤ ਕੁਝ ਬਿਆਨ ਕਰਦੀ ਅਤੇ ਉਨ੍ਹਾਂ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਦਿੱਲੀ ਪੁਲਿਸ ਨੇ ਮੁੱਖ ਮੰਤਰੀ ਨਿਵਾਸ ਅੰਦਰ ਮਾਲੀਵਾਲ ‘ਤੇ ਹੋਏ ਹਮਲੇ ਸਬੰਧੀ ਕੇਜਰੀਵਾਲ ਦੀ ਸਾਥੀ ਵਿਭਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਜ ਨਿਵਾਸ ਵੱਲੋਂ ‘ਐਕਸ’ ਉੱਤੇ ਜਾਰੀ ਇਕ ਬਿਆਨ ‘ਚ ਸਕਸੈਨਾ ਨੇ ਕਿਹਾ, ”ਦਿੱਲੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਇਕ ‘ਤਰਕਸੰਗਤ ਸਿੱਟਾ’ ਸਾਹਮਣੇ ਲਿਆਏਗੀ।” ਉਨ੍ਹਾਂ ਨੇ ਮਾਮਲੇ ਬਾਰੇ ‘ਆਪ’ ਦੇ ਕਥਿਤ ਯੂ-ਟਰਨ ਨੂੰ ਵੀ ‘ਹੈਰਾਨੀਜਨਕ’ ਕਰਾਰ ਦਿੱਤਾ। ਸਕਸੈਨਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਨਿਵਾਸ ਅੰਦਰ ਸਵਾਤੀ ਮਾਲੀਵਾਲ ‘ਤੇ ਹੋਏ ਹਮਲੇ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਉਸ (ਮਾਲੀਵਾਲ) ਨੇ ਮੈਨੂੰ ਫੋਨ ਕਰਕੇ ਆਪਬੀਤੀ ਦੱਸੀ। ਸਵਾਤੀ ਆਪਣੇ ਸਾਥੀਆਂ ਵੱਲੋਂ ਕੀਤੀ ਗਈ ਧੱਕੇਸ਼ਾਹੀ ਨੂੰ ਲੈ ਕੇ ਬਹੁਤ ਸ਼ਰਮਿੰਦਾ ਸੀ। ਸਵਾਤੀ ਨੇ ਆਪਣੇ ਵਿਰੁੱਧ ਸਬੂਤਾਂ ਨਾਲ ਕਥਿਤ ਛੇੜਛਾੜ ਤੇ ਵੱਖਰੀ ਕਿਸਮ ਦੀਆਂ ਰਿਪੋਰਟਾਂ ਬਾਹਰ ਆਉਣ ‘ਤੇ ਵੀ ਚਿੰਤਾ ਪ੍ਰਗਟਾਈ ਹੈ।