ਮੁੰਬਈ, 15 ਅਗਸਤ (ਪੰਜਾਬ ਮੇਲ)-ਹਰਿਆਣਾ ਦੀ ਕੁਈਨ ਡਾਂਸਰ ਸਪਨਾ ਚੌਧਰੀ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਸਪਨਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੀ ਆਰਥਿਕ ਅਪਰਾਧ ਸ਼ਾਖਾ ਨੇ ਸਪਨਾ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਇਹ ਸ਼ਿਕਾਇਤ ਉਸ ਦੇ ਖਿਲਾਫ ਪਵਨ ਚਾਵਲਾ ਨਾਂ ਦੇ ਵਿਅਕਤੀ ਨੇ ਦਰਜ ਕਰਵਾਈ ਸੀ ਅਤੇ ਇਹ ਮਾਮਲਾ ਸਾਲ 2021 ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਆਰਥਿਕ ਅਪਰਾਧ ਸ਼ਾਖਾ ਨੇ ਸਪਨਾ ਚੌਧਰੀ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ ਅਤੇ ਇਸ ਹਾਈ ਪ੍ਰੋਫਾਈਲ ਧੋਖਾਧੜੀ ਦੇ ਮਾਮਲੇ ‘ਚ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ‘ਚ ਕਈ ਪੀੜਤ ਸ਼ਾਮਲ ਹਨ।
ਰਿਪੋਰਟਾਂ ਮੁਤਾਬਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀ.ਜੇ.ਐੱਮ.) ਰਸ਼ਮੀ ਗੁਪਤਾ ਨੇ ਸਪਨਾ ਚੌਧਰੀ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ ਕਿਉਂਕਿ ਉਹ ਅਦਾਲਤ ‘ਚ ਪੇਸ਼ ਨਹੀਂ ਹੋਈ। ਸੀ.ਜੇ.ਐੱਮ. ਨੇ ਕਿਹਾ ਸੁਣਵਾਈ ਦੇ ਆਖਰੀ ਦਿਨ (ਐੱਲ.ਡੀ.ਓ.ਐੱਚ.) ਮੁਲਜ਼ਮ ਵੱਲੋਂ ਛੂਟ ਮੰਗੀ ਗਈ ਸੀ ਅਤੇ ਅੱਜ ਵੀ ਮੁਲਜ਼ਮ ਨੂੰ ਬੁਲਾਉਣ ਦੇ ਬਾਵਜੂਦ ਉਹ ਅਦਾਲਤ ‘ਚ ਪੇਸ਼ ਨਹੀਂ ਹੋਈ। ਦੱਸਿਆ ਜਾ ਰਿਹਾ ਹੈ ਕਿ ਸਪਨਾ ਚੌਧਰੀ ਵਿਰੁੱਧ ਮੁਲਜ਼ਮਾਂ ਦੀ ਹਾਜ਼ਰੀ/ਅਗਲੀ ਕਾਰਵਾਈ ਲਈ ਅਗਲੀ ਤਰੀਕ 25 ਅਕਤੂਬਰ 2024 ਤੈਅ ਕੀਤੀ ਗਈ ਹੈ। ਅਦਾਲਤ ਨੇ ਮੰਗਲਵਾਰ ਨੂੰ ਦੋਸ਼ੀ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ। ਮੀਡੀਆ ਰਿਪੋਰਟਾਂ ‘ਚ ਇਹ ਵੀ ਕਿਹਾ ਗਿਆ ਹੈ ਕਿ ਐਡਵੋਕੇਟ ਰਣਧੀਰ ਲਾਲ ਸ਼ਰਮਾ ਅਤੇ ਸ਼ਿਕਾਇਤਕਰਤਾ ਪਵਨ ਚਾਵਲਾ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ। ਕਿਹਾ ਗਿਆ ਹੈ ਕਿ ਮੁਲਜ਼ਮ ਸਪਨਾ ਨੇ ਸ਼ਿਕਾਇਤਕਰਤਾਵਾਂ ਤੋਂ ਕਿਸੇ ਕੰਮ ਦੇ ਬਹਾਨੇ ਪੈਸੇ ਲੈ ਲਏ ਸਨ। ਇਸ ਤੋਂ ਬਾਅਦ ਮੁਲਜ਼ਮ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਪੈਸੇ ਦੀ ਦੁਰਵਰਤੋਂ ਕੀਤੀ ਅਤੇ ਆਪਣੇ ਨਿੱਜੀ ਕੰਮਾਂ ਲਈ ਵਰਤ ਲਏ। 28 ਮਈ, 2024 ਨੂੰ, ਉਸ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖਾਧੜੀ) ਅਤੇ ਧਾਰਾ 406 (ਭਰੋਸਾ ਦੀ ਉਲੰਘਣਾ) ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਸਪਨਾ ਚੌਧਰੀ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ। ਇਸ ਤੋਂ ਪਹਿਲਾਂ ਵੀ ਸਾਲ 2018 ‘ਚ ਉਸ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਸੀ। 13 ਅਕਤੂਬਰ 2018 ਨੂੰ ਸਪਨਾ ਦੇ ਖਿਲਾਫ ਲਖਨਊ ਦੇ ਆਸ਼ਿਆਨਾ ਪੁਲਸ ਸਟੇਸ਼ਨ ‘ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਉਸ ‘ਤੇ ਪੈਸੇ ਲੈਣ ਦੇ ਬਾਵਜੂਦ ਪ੍ਰੋਗਰਾਮ ‘ਚ ਪਰਫਾਰਮ ਕਰਨ ਨਾ ਆਉਣ ਦਾ ਦੋਸ਼ ਸੀ। ਜਦੋਂ ਸਪਨਾ ਚੌਧਰੀ ਪ੍ਰੋਗਰਾਮ ‘ਚ ਨਾ ਪੁੱਜੀ, ਤਾਂ ਦਰਸ਼ਕਾਂ ਨੇ ਕਾਫੀ ਹੰਗਾਮਾ ਕੀਤਾ। ਮਾਮਲੇ ‘ਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਸਪਨਾ ਚੌਧਰੀ ਨੇ 10 ਮਈ, 2022 ਨੂੰ ਆਤਮ ਸਮਰਪਣ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਉਸ ਨੇ ਅੰਤਰਿਮ ਜ਼ਮਾਨਤ ਲਈ ਅਰਜ਼ੀ ਦਿੱਤੀ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ।