#INDIA

ਦਿੱਲੀ ਦਾ ਅਗਲਾ CM ਕੌਣ: ਕਈ ਚਿਹਰੇ ਭਾਜਪਾ ਲਈ ਵੱਡੀ ਸਮੱਸਿਆ

ਨਵੀਂ ਦਿੱਲੀ, 9  ਫਰਵਰੀ (ਪੰਜਾਬ ਮੇਲ)- ਦਿੱਲੀ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ 48 ਸੀਟਾਂ ਨਾਲ ਮਿਲੀ ਸ਼ਾਨਦਾਰ ਜਿੱਤ ਮਗਰੋਂ ਹੁਣ ਸਭ ਦੀਆਂ ਨਜ਼ਰਾਂ ਅਗਲੇ ਮੁੱਖ ਮੰਤਰੀ ਚਿਹਰੇ ’ਤੇ ਹਨ। ਭਾਜਪਾ ਕੋਲ ਕਈ ਨਾਮੀ ਹਸਤੀਆਂ ਹਨ, ਜਿਸ ਕਰਕੇ ਇਸ ਅਹੁਦੇ ਲਈ ਕਿਸੇ ਸਹੀ ਵਿਅਕਤੀ ਦੀ ਚੋਣ ਭਾਜਪਾ ਲਈ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਉਂਝ ਚੁਣੇ ਜਾਣ ਵਾਲੇ ਆਗੂ ਲਈ ਸਭ ਤੋਂ ਪਹਿਲੀ ਚੁਣੌਤੀ ਪਾਰਟੀ ਵੱਲੋਂ ਕੀਤੇ ਗਏ ਚੋਣ ਵਾਅਦਿਆਂ ਨੂੰ ਪੂਰਾ ਕਰਨ ਦੀ ਰਹੇਗੀ। ਇਨ੍ਹਾਂ ਵਿਚ ਸਿੱਖਿਆ, ਸਿਹਤ ਸੰਭਾਲ ਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਸਣੇ ਕਈ ਹੋਰ ਵਾਅਦੇ ਸ਼ਾਮਲ ਹਨ। ਨਵੇਂ ਮੁੱਖ ਮੰਤਰੀ ਨੂੰ ਸਮਾਜ ਦੇ ਸਾਰੇ ਵਰਗਾਂ ਦੇ ਸਮਾਵੇਸ਼ੀ ਵਿਕਾਸ ਨੂੰ ਵੀ ਯਕੀਨੀ ਬਣਾਉਣਾ ਹੋਵੇਗਾ।

ਭਾਜਪਾ ਪਿਛਲੇ ਦਸ ਸਾਲਾਂ ਤੋਂ ਵੀ ਵਧ ਸਮੇਂ ਤੋਂ ਕੇਂਦਰ ਦੀ ਸੱਤਾ ’ਤੇ ਕਾਬਜ਼ ਹੈ, ਪਰ ਦਿੱਲੀ ਵਿਚ ਸਰਕਾਰ ਬਣਾਉਣ ’ਚ ਨਾਕਾਮ ਰਹੀ। ਇਹੀ ਨਹੀਂ ਭਾਜਪਾ ਪਿਛਲੇ 25 ਸਾਲਾਂ ਵਿਚ ਸੀਐੱਮ ਦੇ ਅਹੁਦੇ ਲਈ ਕੋਈ ਮਕਬੂਲ ਚਿਹਰਾ ਵੀ ਨਹੀਂ ਦੇ ਸਕੀ। ਸਾਹਿਬ ਸਿੰਘ ਵਰਮਾ 1996 ਵਿਚ ਦਿੱਲੀ ਐੱਨਸੀਟੀ ਦੇ ਮੁੱਖ ਮੰਤਰੀ ਬਣੇ। ਉਨ੍ਹਾਂ ਨੇ ਢਾਈ ਸਾਲ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਪਰ ਸ਼ਹਿਰ ਵਿੱਚ ਪਿਆਜ਼ ਦੀ ਕੀਮਤ ਦੇ ਸੰਕਟ ਤੋਂ ਬਾਅਦ ਵਰਮਾ ਦੀ ਥਾਂ ਸੁਸ਼ਮਾ ਸਵਰਾਜ ਨੇ ਲੈ ਲਈ। ਸਵਰਾਜ ਨੇ 52 ਦਿਨਾਂ ਤੱਕ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ ਜਿਸ ਤੋਂ ਬਾਅਦ ਚੋਣਾਂ ਦਾ ਐਲਾਨ ਕੀਤਾ ਗਿਆ। ਇਸ ਮਗਰੋਂ ਭਾਜਪਾ ਕੌਮੀ ਰਾਜਧਾਨੀ ਵਿੱਚ ਸਰਕਾਰ ਬਣਾਉਣ ਵਿੱਚ ਨਾਕਾਮ ਰਹੀ।

ਭਾਜਪਾ ਨੇ 2013 ਵਿੱਚ ਸੁਸ਼ਮਾ ਸਵਰਾਜ, ਡਾ: ਹਰਸ਼ਵਰਧਨ, 2015 ਵਿੱਚ ਕਿਰਨ ਬੇਦੀ ਅਤੇ ਅੰਤ ਵਿੱਚ 2019 ਵਿੱਚ ਮਨੋਜ ਤਿਵਾੜੀ ਵਰਗੇ ਕਈ ਵੱਡੇ ਨਾਵਾਂ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਪੇਸ਼ ਕੀਤਾ ਪਰ ਇਹ ਸਭ ਅਸਫਲ ਰਹੇ ਕਿਉਂਕਿ ‘ਆਪ’ ਨੇ ਜਿੱਤ ਪ੍ਰਾਪਤ ਕੀਤੀ ਅਤੇ ਦੋ ਵਾਰ ਸਰਕਾਰ ਬਣਾਈ। ਹਾਲਾਂਕਿ ਐਤਕੀਂ ਭਾਜਪਾ ਨੇ ‘ਆਪ’’ ਤੋਂ ਸੱਤਾ ਖੋਹ ਲਈ ਹੈ ਅਤੇ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਯੋਗ ਉਮੀਦਵਾਰ ਲੱਭਣਾ ਹੋਵੇਗਾ।

ਪਾਰਟੀ ਨੇ ਅਜੇ ਤੱਕ ਰਸਮੀ ਤੌਰ ’ਤੇ ਕਿਸੇ ਨਾਂ ਦਾ ਐਲਾਨ ਨਹੀਂ ਕੀਤਾ ਹੈ, ਪਰ ਕਈ ਪ੍ਰਮੁੱਖ ਹਸਤੀਆਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ, ਜਿਨ੍ਹਾਂ ਵਿੱਚ ਭਾਜਪਾ ਉਮੀਦਵਾਰ ਪਰਵੇਸ਼ ਵਰਮਾ ਵੀ ਸ਼ਾਮਲ ਹਨ, ਜਿਨ੍ਹਾਂ ਨਵੀਂ ਦਿੱਲੀ ਹਲਕੇ ਤੋਂ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਹਰਾਇਆ ਹੈ। ਸਾਹਿਬ ਸਿੰਘ ਵਰਮਾ ਦੇ ਪੁੱਤਰ ਪਰਵੇਸ਼ ਦੇ ਦਿੱਲੀ ਦੀ ਸਿਆਸਤ ਵਿੱਚ ਡੂੰਘੇ ਸਬੰਧ ਹਨ ਅਤੇ ਉਹ ਮੁੱਖ ਮੰਤਰੀ ਦੇ ਅਹੁਦੇ ਲਈ ਮਜ਼ਬੂਤ ​​ਦਾਅਵੇਦਾਰ ਹਨ।