#INDIA

‘ਦਿੱਲੀ ਜਲ ਬੋਰਡ ‘ਚ 500 ਕਰੋੜ ਦਾ ਘਪਲਾ, ਛੇਤੀ Jail ਜਾਣਗੇ ਕੇਜਰੀਵਾਲ’

ਨਵੀਂ ਦਿੱਲੀ, 30 ਨਵੰਬਰ (ਪੰਜਾਬ ਮੇਲ)- ਭਾਰਤੀ ਜਨਤਾ ਪਾਰਟੀ ਨੇ ਦਿੱਲੀ ਜਲ ਬੋਰਡ ਵਿਚ 500 ਕਰੋੜ ਦੇ ਕਥਿਤ ਘਪਲੇ ਦਾ ਦੋਸ਼ ਲਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਇਸ ਘਪਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਛੇਤੀ ਹੀ ਜੇਲ੍ਹ ਜਾਣਗੇ। ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੇਜਰੀਵਾਲ ਨੂੰ ‘ਘਪਲਿਆਂ ਦਾ ਸਰਗਣਾ’ ਕਰਾਰ ਦਿੰਦੇ ਹੋਏ, ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ਹੈ। ਇਸ ਤੋਂ ਇਲਾਵਾ ਦਿੱਲੀ ਭਾਜਪਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਉਪ ਰਾਜਪਾਲ ਨੂੰ ਚਿੱਠੀ ਲਿਖ ਕੇ ਇਸ ਘਪਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਮੌਜੂਦਾ ਸਮੇਂ ਦਿੱਲੀ ਸਰਕਾਰ ਪਹਿਲਾਂ ਹੀ ਸ਼ਰਾਬ ਘਪਲੇ ਵਿਚ ਬੁਰੀ ਤਰ੍ਹਾਂ ਘਿਰੀ ਹੋਈ ਹੈ ਅਤੇ ਹੁਣ ਇਹ ਨਵਾਂ ਘਪਲਾ ਕੇਜਰੀਵਾਲ ਸਰਕਾਰ ਦੀ ਮੁਸ਼ਕਿਲਾਂ ‘ਚ ਹੋਰ ਵਾਧਾ ਕਰਨ ਵਾਲਾ ਸਾਬਤ ਹੋ ਸਕਦਾ ਹੈ।
ਪ੍ਰੈੱਸ ਕਾਨਫ਼ਰੰਸ ਦੌਰਾਨ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਭ੍ਰਿਸ਼ਟਾਚਾਰ, ਬੇਈਮਾਨੀ, ਘਪਲੇ, ਕਮਿਸ਼ਨਖੋਰੀ ਅਤੇ ਲੁੱਟ-ਖਸੁੱਟ ਦਾ ਦੇਸ਼ ਵਿਚ ਕੋਈ ਮਾਹਿਰ ਆਗੂ ਹੈ ਤਾਂ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ। ਉਨ੍ਹਾਂ ਕਿਹਾ ਕਿ 10 ਸੀਵਰੇਜ ਟਰੀਟਮੈਂਟ ਪਲਾਂਟ (ਐੱਸ.ਟੀ.ਪੀ.) ਦੇ ਠੇਕਿਆਂ ਵਿਚ ਪਹਿਲੀ ਨਜ਼ਰ ਵਿਚ 400-500 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ। ਭਾਟੀਆ ਨੇ ਕਿਹਾ ਕਿ 10 ਸੀਵਰੇਜ ਟਰੀਟਮੈਂਟ ਪਲਾਂਟ (ਐੱਸ.ਟੀ.ਪੀ.) ਨੂੰ 2 ਕੈਟਾਗਰੀ ਵਿਚ ਵੰਡਿਆ ਗਿਆ। ਪਹਿਲੀ ਕੈਟਾਗਰੀ ਵਿਚ ਕੇਵਲ ਅਪਗ੍ਰੇਡੇਸ਼ਨ ਜਦਕਿ ਦੂਜੀ ਕੈਟਾਗਰੀ ਵਿਚ ਸਮਰੱਥਾ ਵਧਾਉਣ ਦਾ ਕੰਮ ਹੋਣਾ ਸੀ। 2022 ਵਿਚ ਦਿੱਲੀ ਜਲ ਬੋਰਡ ਨੇ ਇਸ ਦੇ ਠੇਕੇ ਦਿੱਤੇ, ਜਿਨ੍ਹਾਂ ਦੀ ਕੁੱਲ ਕੀਮਤ 1938 ਕਰੋੜ ਰੁਪਏ ਦੇ ਨੇੜੇ ਸੀ, ਜਦਕਿ ਇਸ ਦੀ ਅਨੁਮਾਨਿਤ ਲਾਗਤ ਸਿਰਫ਼ 1500 ਕਰੋੜ ਰੁਪਏ ਸੀ। ਇਸ ਦਾ ਸਿੱਧਾ ਮਤਲਬ ਹੈ ਕਿ ਇਸ ਵਿਚ ਇਨ੍ਹਾਂ ਵੱਲੋਂ ਖ਼ੁਦ ਐਸਟੀਮੇਟ ਵਿਚ 30 ਫ਼ੀਸਦੀ ਦਾ ਵਾਧਾ ਕਰਕੇ ਠੇਕੇ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ 10 ਪ੍ਰਾਜੈਕਟਾਂ ਲਈ 10 ਡੀ.ਪੀ.ਆਰ. ਬਣਨੀ ਸੀ ਪਰ 2 ਹੀ ਬਣਵਾਏ ਗਏ ਅਤੇ ਇਸ ਨੂੰ ਸਾਰਿਆਂ ‘ਤੇ ਲਾਗੂ ਕਰ ਦਿੱਤਾ ਗਿਆ। ਇਸ ਤਰ੍ਹਾਂ ਮੁਲਾਂਕਣ ਵਧਿਆ ਅਤੇ ਆਪਣੇ ਲੋਕਾਂ ਨੂੰ ਠੇਕੇ ਦੇ ਕੇ 400-500 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ।