#INDIA

ਦਿੱਲੀ ‘ਚ ਤਾਪਮਾਨ 47 ਡਿਗਰੀ ਸੈਲਸੀਅਸ ਨੂੰ ਕੀਤਾ ਪਾਰ

-ਗਰਮ ਹਵਾਵਾਂ ਚੱਲਣ ਸਬੰਧੀ ‘ਰੈੱਡ ਅਲਰਟ’ ਜਾਰੀ
ਨਵੀਂ ਦਿੱਲੀ, 20 ਮਈ (ਪੰਜਾਬ ਮੇਲ)- ਦਿੱਲੀ ਦੇ ਕਈ ਹਿੱਸਿਆਂ ਵਿੱਚ ਸੋਮਵਾਰ ਨੂੰ ਵਧ ਤੋਂ ਵਧ ਤਾਪਮਾਨ 47 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਲਈ ਗਰਮ ਹਵਾਵਾਂ ਚੱਲਣ ਸਬੰਧੀ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਭਿਆਨਕ ਗਰਮੀ ਨੇ ਸ਼ਹਿਰ ਦੀ ਬਿਜਲੀ ਦੀ ਮੰਗ ਨੂੰ ਮਈ ‘ਚ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਾ ਦਿੱਤਾ ਹੈ, ਜਦੋਂ ਕਿ ਦਿੱਲੀ ਸਰਕਾਰ ਨੇ ਗਰਮੀਆਂ ਦੀਆਂ ਛੁੱਟੀਆਂ ਲਈ ਬੰਦ ਨਾ ਹੋਣ ਵਾਲੇ ਸਕੂਲਾਂ ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਦੂਜੇ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ, ਜੋ ਆਮ ਨਾਲੋਂ 3.7 ਡਿਗਰੀ ਵੱਧ ਹੈ।
ਦੱਖਣ-ਪੱਛਮੀ ਦਿੱਲੀ ਖੇਤਰ ਵਿਚ ਵਧ ਤੋਂ ਵਧ 47.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਸੋਮਵਾਰ ਨੂੰ ਨਜਫਗੜ੍ਹ ਵਿਚ 47.4 ਡਿਗਰੀ ਸੈਲਸੀਅਸ ਦਾ ਉੱਚਤਮ ਤਾਪਮਾਨ ਦਰਜ ਕੀਤਾ ਗਿਆ ਜੋ ਦੇਸ਼ ਵਿਚ ਇਸ ਸੀਜ਼ਨ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਮੁੰਗੇਸ਼ਪੁਰ ਵਿਚ 47.1 ਡਿਗਰੀ, ਅਯਾ ਨਗਰ ਵਿਚ 45.7 ਡਿਗਰੀ, ਪੂਸਾ ਵਿਚ 46.1 ਡਿਗਰੀ, ਪੀਤਮਪੁਰਾ ਵਿਚ 46.6 ਡਿਗਰੀ ਅਤੇ ਪਾਲਮ ਵਿਚ 45.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ।