ਮੁੱਖ ਮੰਤਰੀ ਦੋ ਦਿਨ ਕਰਨਗੇ ਦਿੱਲੀ ਵਿਚ ਪ੍ਰਚਾਰ; ਵਿਧਾਇਕ ਤੇ ਵਜ਼ੀਰ ਪਹਿਲਾਂ ਹੀ ਨੇ ਦਿੱਲੀ ‘ਚ
ਚੰਡੀਗੜ੍ਹ, 15 ਜਨਵਰੀ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ ਤੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਚੋਣ ਪ੍ਰਚਾਰ ਸ਼ੁਰੂ ਕਰਨਗੇ। ਇਸ ਤੋਂ ਪਹਿਲਾਂ ਦਿੱਲੀ ਚੋਣਾਂ ਦੇ ਪ੍ਰਚਾਰ ‘ਚ ਪੰਜਾਬ ਦੇ ਵਿਧਾਇਕ ਅਤੇ ਵਜ਼ੀਰ ਹੀ ਜੁਟੇ ਹੋਏ ਸਨ। ਜ਼ਿਲ੍ਹਾ ਪੱਧਰ ਦੇ ਅਹੁਦੇਦਾਰਾਂ ਅਤੇ ਬੋਰਡਾਂ ਦੇ ਚੇਅਰਮੈਨਾਂ ਨੇ ਵੀ ਉਥੇ ਡੇਰੇ ਜਮਾਏ ਹੋਏ ਹਨ। ਸੂਤਰ ਅਨੁਸਾਰ ਦਿੱਲੀ ਦੇ ਕਈ ਵਿਧਾਨ ਸਭਾ ਹਲਕਿਆਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਮੰਗ ਹੋਈ ਹੈ। ਵੀਰਵਾਰ ਨੂੰ ਪੂਰਾ ਦਿਨ ਚੋਣ ਪ੍ਰਚਾਰ ‘ਚ ਹੀ ਲਗਾਉਣਗੇ। ਸਿਆਸੀ ਹਲਕਿਆਂ ਵਿਚ ਭਗਵੰਤ ਮਾਨ ਦੀ ਦਿੱਲੀ ਚੋਣਾਂ ਵਿਚੋਂ ਗ਼ੈਰਹਾਜ਼ਰੀ ‘ਤੇ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਸਨ। ਹਾਲਾਂਕਿ ਦੋ ਵਾਰ ਮੁੱਖ ਮੰਤਰੀ ਚੋਣਾਂ ਦਰਮਿਆਨ ਦਿੱਲੀ ਦਾ ਗੇੜਾ ਲਾ ਚੁੱਕੇ ਹਨ। ਦਿੱਲੀ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਭਗਵੰਤ ਮਾਨ ਸ਼ਾਮਲ ਹਨ। ਪਹਿਲੇ ਪੜਾਅ ‘ਚ ਉਹ ਦੋ ਦਿਨ ਚੋਣ ਪ੍ਰਚਾਰ ‘ਚ ਲਗਾਉਣਗੇ।
ਕੁੱਝ ਦਿਨਾਂ ਦੇ ਫ਼ਰਕ ਮਗਰੋਂ ਮੁੜ ਦਿੱਲੀ ਜਾਣਗੇ। ਸੂਤਰ ਦੱਸਦੇ ਹਨ ਕਿ ਦਿੱਲੀ ਚੋਣਾਂ ਨੂੰ ਲੈ ਕੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਪਿਛਲੇ ਦਿਨੀਂ ਮੀਟਿੰਗਾਂ ਕਰਕੇ ਚਰਚਾ ਵੀ ਕੀਤੀ ਹੈ। ਹਾਲਾਂਕਿ ਮੁੱਖ ਮੰਤਰੀ ਦੀ ਗ਼ੈਰਹਾਜ਼ਰੀ ਨਾਲ ਪੰਜਾਬ ਦਾ ਕੰਮ ਵੀ ਪ੍ਰਭਾਵਿਤ ਹੋਵੇਗਾ। ਪੰਜਾਬ ਦੇ ਬਹੁਤੇ ਵਿਧਾਇਕ ਲੋਹੜੀ ਕਰਕੇ ਹਾਲੇ ਦਿੱਲੀ ਚੋਣਾਂ ਵਿਚ ਗਏ ਨਹੀਂ ਸਨ।
ਵੀਰਵਾਰ ਤੋਂ ਵਿਧਾਇਕ ਦਿੱਲੀ ਪੁੱਜਣੇ ਸ਼ੁਰੂ ਹੋ ਜਾਣੇ ਹਨ। ਆਮ ਆਦਮੀ ਪਾਰਟੀ ਨੇ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਦਿੱਲੀ ਵਿਚ ਰਹਿਣ ਸਹਿਣ ਦੇ ਆਪੋ- ਆਪਣੇ ਪ੍ਰਬੰਧ ਕਰਨ ਲਈ ਆਖਿਆ ਹੈ, ਜਿਸ ਕਰਕੇ ਵਿਧਾਇਕ ਔਖ ਵਿਚ ਹਨ। ਦਿੱਲੀ ਦੇ ਗੈਸਟ ਹਾਊਸ ਪੂਰੀ ਤਰ੍ਹਾਂ ਭਰੇ ਹੋਏ ਹਨ। ਪੰਜਾਬ ਦੇ ਵਿਧਾਇਕ ਕੀ ਚੋਣ ਜ਼ਾਬਤੇ ਦੌਰਾਨ ਪੰਜਾਬ ਭਵਨ ਵਿਚ ਠਹਿਰ ਸਕਦੇ ਹਨ ਜਾਂ ਨਹੀਂ, ਇਹ ਵੀ ਸੁਆਲ ਹਾਲੇ ਖੜ੍ਹਾ ਹੈ। ਪਤਾ ਲੱਗਿਆ ਹੈ ਕਿ ਵਿਧਾਇਕਾਂ ਨੇ ਹੋਰ ਜੁਗਾੜਬੰਦੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਵਿਧਾਨ ਸਭਾ ਦੀ ਕਮੇਟੀ ਨੇ ਮੀਟਿੰਗ ਰਾਜਧਾਨੀ ਵਿਚ ਰੱਖੀ
ਸੂਤਰ ਦੱਸਦੇ ਹਨ ਕਿ ਪੰਜਾਬ ਵਿਧਾਨ ਸਭਾ ਦੀ ਇਕ ਕਮੇਟੀ ਨੇ ਆਪਣੀ ਮੀਟਿੰਗ ਹੀ ਦਿੱਲੀ ਵਿਚ ਰੱਖ ਲਈ ਹੈ। ‘ਆਪ’ ਵਿਧਾਇਕ ਇਸ ਮੀਟਿੰਗ ਬਹਾਨੇ ਪੰਜਾਬ ਭਵਨ ਵਿਚ ਰੁਕ ਗਏ ਅਤੇ ਉੱਪਰੋਂ ਟੀ. ਏ./ਡੀ. ਏ. ਵੀ ਵਸੂਲ ਕਰਨ ਦੇ ਵੀ ਯੋਗ ਹੋ ਗਏ। ਪਤਾ ਲੱਗਿਆ ਹੈ ਕਿ ਪੰਜਾਬ ਭਵਨ ਦੀ ਬੁਕਿੰਗ ਕਾਫ਼ੀ ਵਧੀ ਹੋਈ ਹੈ ਅਤੇ ਆਮ ਲੋਕਾਂ ਲਈ ਬੁਕਿੰਗ ਹੁਣ ਮੁਸ਼ਕਲ ਹੋ ਗਈ ਹੈ। ਕਈ ਵਿਧਾਇਕਾਂ ਨੇ ਦੱਸਿਆ ਕਿ ਦਿੱਲੀ ਚੋਣਾਂ ਵਿਚ ਉਹ ਹਾਜ਼ਰੀ ਤਾਂ ਭਰ ਰਹੇ ਹਨ ਪਰ ਉਨ੍ਹਾਂ ਨੂੰ ਦਿੱਲੀ ਵਾਸੀ ਕੋਈ ਜਾਣਦਾ ਤਾਂ ਨਹੀਂ ਹੈ। ਉਨ੍ਹਾਂ ਲਈ ਰਹਿਣ-ਸਹਿਣ ਦਾ ਖਰਚਾ ਚੁੱਕਣਾ ਸਭ ਤੋਂ ਵੱਡੀ ਮੁਸੀਬਤ ਹੈ। ਆਮ ਆਦਮੀ ਪਾਰਟੀ ਨੇ ਠਹਿਰਨ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੈ।
ਦਿੱਲੀ ਚੋਣਾਂ : ਪੰਜਾਬ ਦੇ ਵਿਧਾਇਕਾਂ ਦੀ ਜੇਬ ‘ਤੇ ਚੋਣ ਪਈ ਭਾਰੀ
