#PUNJAB

ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਤੋਂ ਪਹਿਲਾਂ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ

– ਐੱਸ.ਐੱਚ.ਓ. ਅਤੇ ਐੱਸ.ਪੀ. ਹੋਏ ਜ਼ਖਮੀ
– ਕਿਸਾਨਾਂ ਦਾ ਦਿੱਲੀ ਕੂਚ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਬਾਰਡਰ ਸੀਲ
ਅੰਬਾਲਾ, 21 ਫਰਵਰੀ (ਪੰਜਾਬ ਮੇਲ)- ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ‘ਚ ਕਿਸਾਨ ਤਣਾਅਪੂਰਨ ਹਾਲਾਤ ਦਰਮਿਆਨ ਦਿੱਲੀ ਵੱਲ ਰਵਾਨਾ ਹੋਣ ਲਈ ਸ਼ੰਭੂ ਅਤੇ ਖਨੌਰੀ ਬਾਰਡਰਾਂ ‘ਤੇ ਪੁੱਜੇ। ਕੇਂਦਰ ਦੇ ਮਤੇ ਨੂੰ ਠੁਕਰਾਉਣ ਮਗਰੋਂ ਕਿਸਾਨ ਵੱਲੋਂ ਦਿੱਲੀ ਕੂਚ ਕਰਨ ਤੋਂ ਪਹਿਲਾਂ ਸ਼ੰਭੂ ਬਾਰਡਰ ‘ਤੇ ਮਾਹੌਲ ਭੱਖ ਗਿਆ। ਕਿਸਾਨਾਂ ਨੂੰ ਰੋਕਣ ਲਈ ਸ਼ੰਭੂ ਬਾਰਡਰ ‘ਤੇ ਪੁਲਿਸ ਅਤੇ ਕਿਸਾਨਾਂ ਵਿਚਾਲੇ ਝੜਪ ਹੋਈ ਹੈ। ਦਰਅਸਲ ਦੇਰ ਰਾਤ ਕਿਸਾਨਾਂ ਵਲੋਂ ਟਰੈਕਟਰਾਂ ਅਤੇ ਵੱਡੀਆਂ-ਵੱਡੀਆਂ ਮਸ਼ੀਨਾਂ ਨੂੰ ਲੈ ਕੇ ਸ਼ੰਭੂ ਬਾਰਡਰ ਵੱਲ ਕੂਚ ਕੀਤਾ ਜਾ ਰਿਹਾ ਸੀ, ਜਦੋਂ ਪੁਲਿਸ ਵਲੋਂ ਇਨ੍ਹਾਂ ਨੂੰ ਰੋਕਿਆ ਗਿਆ ਤਾਂ ਕਿਸਾਨਾਂ ਦੀ ਝੜਪ ਹੋਈ।

ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਚੰਡੀਗੜ੍ਹ ਬਾਰਡਰ ‘ਤੇ ਖੜ੍ਹੀ ਪੁਲਿਸ।

ਇਹ ਝੜਪ ਸ਼ੰਭੂ ਬਾਰਡਰ ਨੇੜੇ ਲੱਗੇ ਨਾਕੇ ‘ਤੇ ਹੋਈ ਹੈ, ਜਿਸ ਕਾਰਨ ਐੱਸ.ਐੱਚ.ਓ. ਤੇ ਐੱਸ.ਪੀ. ਜ਼ਖ਼ਮੀ ਹੋ ਗਏ ਹਨ। ਸੂਤਰਾਂ ਮੁਤਾਬਕ ਝੜਪ ਦੌਰਾਨ ਟਰੈਕਟਰ ਭਜਾਉਣ ਦੀ ਕੋਸ਼ਿਸ਼ ਦੌਰਾਨ ਐੱਸ.ਐੱਚ.ਓ. ਤੇ ਐੱਸ.ਪੀ. ਜ਼ਖ਼ਮੀ ਹੋਏ ਹਨ। ਦੱਸ ਦੇਈਏ ਕਿ ਕਿਸਾਨ ਬਾਰਡਰ ਤੋਂ ਅੱਗੇ ਲੱਗਣ ਲਈ ਪੁਲਿਸ ਵਲੋਂ ਲਾਏ ਗਏ ਬੈਰੀਕੇਡਜ਼ ਨੂੰ ਤੋੜਨ ਲਈ ਜੇ.ਸੀ.ਬੀ. ਮਸ਼ੀਨਾਂ ਨਾਲ ਅੱਗੇ ਵੱਧ ਰਹੇ ਹਨ। ਇਸ ਸਮੇਂ ਸ਼ੰਭੂ ਬਾਰਡਰ ‘ਤੇ ਮਾਹੌਲ ਕਾਫੀ ਭੱਖ ਗਿਆ।
ਦੱਸ ਦੇਈਏ ਕਿ ਸ਼ੰਭੂ ਬਾਰਡਰ ‘ਤੇ ਵੱਡੀ ਗਿਣਤੀ ‘ਚ ਕਿਸਾਨ ਡਟੇ ਹੋਏ ਹਨ। ਜੇ.ਸੀ.ਬੀ. ਮਸ਼ੀਨ ਅਤੇ ਹੋਰ ਮਸ਼ੀਨਾਂ ਬਾਰਡਰਾਂ ‘ਤੇ ਲਿਆਉਣ ਕਾਰਨ ਮਾਹੌਲ ਪੂਰੀ ਤਰ੍ਹਾਂ ਭੱਖ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਮਸ਼ੀਨਾਂ ਨਾਲ ਸ਼ਾਂਤੀਪੂਰਨ ਦਿੱਲੀ ਕੂਚ ਕਰਨਗੇ। ਕਿਸਾਨਾਂ ਵਲੋਂ ਇਕ ਪਾਸੇ ਬੋਰੀਆਂ ਦੇ ਗੱਟੇ ਭਰ ਲਏ ਗਏ ਹਨ ਅਤੇ ਦੂਜੇ ਪਾਸੇ ਕਿਸਾਨਾਂ ਵਲੋਂ ਜੇ.ਸੀ.ਬੀ. ਮਸ਼ੀਨ ਦੀ ਤਿਆਰੀ ਕੀਤੀ ਹੈ।

ਸ਼ੰਭੂ ਬਾਰਡਰ ‘ਤੇ ਧਰਨੇ ਨੂੰ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ।

ਉਧਰ ਕਿਸਾਨਾਂ ਵੱਲੋਂ ਸ਼ੰਭੂ ਬਾਰਡਰ ਅਤੇ ਹੋਰਨਾਂ ਬਾਰਡਰਾਂ ਰਾਹੀਂ 21 ਫਰਵਰੀ ਨੂੰ ਮੁੜ ਦਿੱਲੀ ਕੂਚ ਕਰਨ ਦੇ ਐਲਾਨ ਮਗਰੋਂ ਚੰਡੀਗੜ੍ਹ ਪੁਲਿਸ ਨੇ ਤੁਰੰਤ ਹਰਕਤ ‘ਚ ਆਉਂਦਿਆਂ ਚੰਡੀਗੜ੍ਹ ਸ਼ਹਿਰ ਦੇ ਸਾਰੇ ਦਾਖ਼ਲਾ ਪੁਆਇੰਟਾਂ ‘ਤੇ ਮੁੜ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ।
ਚੰਡੀਗੜ੍ਹ ਦੇ ਐੱਸ.ਐੱਸ.ਪੀ. ਕੰਵਰਦੀਪ ਕੌਰ ਨੇ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਰੱਖਣ ਲਈ 300 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਚੰਡੀਗੜ੍ਹ ਸ਼ਹਿਰ ਦੇ 11 ਆਉਣ-ਜਾਣ ਵਾਲੇ ਰਸਤਿਆਂ ‘ਤੇ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਿਸਾਨਾਂ ਦੇ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦੇ ਐਲਾਨ ਦੇ ਮੱਦੇਨਜ਼ਰ 1100 ਦੇ ਕਰੀਬ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕਰ ਕੇ ਬਾਰਡਰਾਂ ਨੂੰ ਸੀਲ ਕੀਤਾ ਗਿਆ ਸੀ।
ਚੰਡੀਗੜ੍ਹ ਦਾ ਖੁਫ਼ੀਆ ਵਿਭਾਗ ਵੀ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਇਸ ਵਾਰ ਵੀ ਪੁਲਿਸ ਵਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਚੰਡੀਗੜ੍ਹ ਸ਼ਹਿਰ ਦੇ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਕੰਮ ਤੋਂ ਚੰਡੀਗੜ੍ਹ ਨੂੰ ਆਉਣ-ਜਾਣ ਵਾਲੇ ਦਾਖ਼ਲਾ ਪੁਆਇੰਟਾਂ ‘ਤੇ ਨਾ ਨਿਕਲਿਆ ਜਾਵੇ।
ਹਰਿਆਣਾ ਪੁਲਿਸ ਨੇ ਅੰਤਰਰਾਜੀ ਸੀਮਾ ‘ਤੇ ਬੈਰੀਕੇਡਿੰਗ ਮਜ਼ਬੂਤ ਕਰਦਿਆਂ ਸੁਰੱਖਿਆ ਬਲਾਂ ਦੀ ਨਫਰੀ ਵੀ ਵਧਾ ਦਿੱਤੀ ਹੈ। ਜਲਤੋਪਾਂ ਆਦਿ ਦਾ ਉਚੇਚੇ ਤੌਰ ‘ਤੇ ਪ੍ਰਬੰਧ ਕੀਤਾ ਗਿਆ ਹੈ। ਨੀਮ ਫੌਜੀ ਬਲਾਂ ਨੂੰ ਘੱਗਰ ਦਰਿਆ ‘ਤੇ ਤਾਇਨਾਤ ਕੀਤਾ ਗਿਆ ਹੈ। ਪੰਜਾਬ ਹਰਿਆਣਾ ਸੀਮਾ ‘ਤੇ ਪੈਂਦੇ ਸਾਰੇ ਛੋਟੇ-ਵੱਡੇ ਰਸਤਿਆਂ ‘ਤੇ ਪੁਲਿਸ ਦਾ ਪਹਿਰਾ ਵਧਾ ਦਿੱਤਾ ਗਿਆ ਹੈ।
ਉਧਰ ਪੰਜਾਬ ਦੇ ਡੀ.ਜੀ.ਪੀ. ਨੇ ਪਟਿਆਲਾ ਰੇਂਜ ਦੀ ਪੁਲਿਸ ਨੂੰ ਲਿਖਤੀ ਹੁਕਮ ਜਾਰੀ ਕੀਤੇ ਹਨ ਕਿ ਸ਼ੰਭੂ ਅਤੇ ਖਨੌਰੀ ਬਾਰਡਰਾਂ ‘ਤੇ ਜੇ.ਸੀ.ਬੀ./ਪੋਕਲੇਨ/ਟਿੱਪਰਜ਼ ਸਮੇਤ ਹੋਰ ਖੁਦਾਈ ਵਾਲੀ ਮਸ਼ੀਨਰੀ ਨੂੰ ਜਾਣ ਤੋਂ ਰੋਕਿਆ ਜਾਵੇ ਕਿਉਂਕਿ ਇਨਪੁਟ ਮਿਲੀ ਹੈ ਕਿ ਇਸ ਮਸ਼ੀਨਰੀ ਨਾਲ ਹਰਿਆਣਾ ਪੁਲਿਸ ਵੱਲੋਂ ਲਗਾਏ ਬੈਰੀਕੇਡ ਉਖਾੜੇ ਜਾਣੇ ਹਨ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਸ਼ੰਭੂ ਬਾਰਡਰ ‘ਤੇ ਪੁੱਜੀ ਪੋਕਲੇਨ ਮਸ਼ੀਨ ਨੂੰ ਵੀ ਹਟਾਉਣ ਲਈ ਕਿਹਾ ਹੈ। ਹਰਿਆਣ ਦੇ ਡੀ.ਜੀ.ਪੀ. ਵੱਲੋਂ ਲਿਖੇ ਪੱਤਰ ਦੇ ਆਧਾਰ ‘ਤੇ ਪੰਜਾਬ ਪੁਲਿਸ ਨੇ ਇਹ ਕਦਮ ਚੁੱਕਿਆ ਹੈ।

ਹਾਈਕੋਰਟ ਨੇ ਕਿਸਾਨ ਪ੍ਰਦਰਸ਼ਨਾਂ ਦੌਰਾਨ ਟਰੈਕਟਰ-ਟਰਾਲੀ ਦੀ ਵਰਤੋਂ ‘ਤੇ ਜਤਾਇਆ ਇਤਰਾਜ਼
ਕਿਹਾ : ਕਿਸਾਨ ਟਰੈਕਟਰ ਦੀ ਥਾਂ ਹੋਰ ਵਾਹਨਾਂ ‘ਚ ਦਿੱਲੀ ਜਾਣ
ਚੰਡੀਗੜ੍ਹ : ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਦਿੱਲੀ ਕੂਚ ਦੇ ਸੱਦੇ ਤਹਿਤ ਪੰਜਾਬ-ਹਰਿਆਣਾ ਦੀਆਂ ਹੱਦਾਂ ਸੀਲ ਕਰਨ ਸਬੰਧੀ ਦੋ ਪਟੀਸ਼ਨਾਂ ‘ਤੇ ਸੁਣਵਾਈ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਟਰੈਕਟਰ-ਟਰਾਲੀਆਂ ਦੀ ਵਰਤੋਂ ਕਰਨ ‘ਤੇ ਇਤਰਾਜ਼ ਜਤਾਇਆ ਹੈ। ਹਾਈ ਕੋਰਟ ਨੇ ਕਿਹਾ ਕਿ ਮੋਟਰ ਵਹੀਕਲ ਐਕਟ ਤਹਿਤ ਹਾਈਵੇਅ ‘ਤੇ ਟਰੈਕਟਰ ਚਲਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ ਹੈ। ਹਾਈ ਕੋਰਟ ਨੇ ਕਿਹਾ ਕਿ ਕਿਸਾਨ ਜੇਕਰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਤਾਂ ਉਹ ਕਾਰ, ਬੱਸ ਜਾਂ ਹੋਰਨਾਂ ਵਾਹਨਾਂ ਰਾਹੀਂ ਦਿੱਲੀ ਜਾ ਸਕਦੇ ਹਨ। ਹਾਈ ਕੋਰਟ ਨੇ ਸ਼ੰਭੂ ਤੇ ਖਨੌਰੀ ਬਾਰਡਰਾਂ ‘ਤੇ ਵੱਡੀ ਗਿਣਤੀ ਕਿਸਾਨਾਂ ਦੇ ਇਕੱਠੇ ਹੋਣ ‘ਤੇ ਸੂਬਾ ਸਰਕਾਰ ਨੂੰ ਸਵਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਅੰਤਰਰਾਜੀ ਹੱਦਾਂ ਤੋਂ ਭੀੜ ਨੂੰ ਘੱਟ ਕੀਤਾ ਜਾਵੇ। ਉਂਜ ਸੁਣਵਾਈ ਦੌਰਾਨ ਕੇਂਦਰ ਸਰਕਾਰ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਇਸ ਲਈ ਜਲਦ ਮੀਟਿੰਗ ਸੱਦੀ ਜਾਵੇਗੀ ਅਤੇ ਕੋਈ ਠੋਸ ਹੱਲ ਕੱਢ ਲਿਆ ਜਾਵੇਗਾ। ਹਾਈ ਕੋਰਟ ਨੇ ਉਕਤ ਮਾਮਲੇ ਦੀ ਅਗਲੀ ਸੁਣਵਾਈ 27 ਫਰਵਰੀ ‘ਤੇ ਪਾ ਦਿੱਤੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਿਛਲੇ ਦਿਨੀਂ ਦੋ ਪਟੀਸ਼ਨਾਂ ਪਾਈਆਂ ਗਈਆਂ ਸਨ। ਇਕ ਵਿਚ ਪੰਚਕੂਲਾ ਦੇ ਵਸਨੀਕ ਉਦੈ ਪ੍ਰਤਾਪ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਕਰਕੇ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ।