#PUNJAB

ਦਿਉਣ ਕਲੱਬ ਵੱਲੋਂ ਆਪਣੇ ਪਿੰਡ ਦੇ ਜੰਮਪਲ ਜਗਰੂਪ ਸਿੰਘ ਬਰਾੜ ਟਰੇਡ ਮਨਿਸਟਰ British Columbia, ਕੈਨੇਡਾ ਨੂੰ ਕੀਤਾ ਸਨਮਾਨਿਤ

ਬਠਿੰਡਾ, 14 ਦਸੰਬਰ (ਗੁਰਨੈਬ ਸਾਜਨ/ਪੰਜਾਬ ਮੇਲ)- ਸੱਤ ਸਮੁੰਦਰੋਂ ਪਾਰ ਗੋਰਿਆਂ ਅਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਬਠਿੰਡਾ ਦੇ ਪਿੰਡ ਦਿਉਣ ਦੇ ਜੰਮਪਲ ਜਗਰੂਪ ਸਿੰਘ ਬਰਾੜ ਜੋ ਪੰਜ ਵਾਰ ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕ ਬਣਨ ਤੋਂ ਬਾਅਦ ਛੇਵੀਂ ਵਾਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਟਰੇਡ ਮਨਿਸਟਰ ਵਜੋਂ ਆਪਣੇ ਪਿੰਡ, ਪੰਜਾਬ ਹੀ ਨਹੀਂ, ਬਲਕਿ ਇੰਡੀਆ ਦਾ ਨਾਮ ਦੁਨੀਆਂ ਦੇ ਨਕਸ਼ੇ ‘ਤੇ ਚਮਕਾ ਰਹੇ ਹਨ। ਉਹ ਟਰੇਡ ਮਨਿਸਟਰ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਪਿੰਡ ਦਿਉਣ ਆਏ ਹਨ। ਉਨ੍ਹਾਂ ਦਾ ਬਠਿੰਡਾ ਵਿਖੇ ਦਿਉਣ ਕਲੱਬ ਦੇ ਸਕੱਤਰ ਸੁਰਿੰਦਰ ਪਾਲ ਅਹੂਜਾ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਠਿੰਡਾ ਪ੍ਰਧਾਨ ਪ੍ਰੋਫੈਸਰ ਜੇ.ਐੱਸ. ਬਰਾੜ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਗੀਤਕਾਰ ਅਲਬੇਲ ਬਰਾੜ ਦਿਉਣ ਵਾਲਾ, ਪ੍ਰੋਫੈਸਰ ਜੇ.ਐੱਸ. ਬਰਾੜ, ਸੁਰਿੰਦਰਪਾਲ ਆਹੂਜਾ ਕਲੱਬ ਸਕੱਤਰ ਨੇ ਸਮੁੱਚੇ ਕਲੱਬ ਵੱਲੋਂ ਜਗਰੂਪ ਸਿੰਘ ਬਰਾੜ ਨੂੰ ਜੀ ਆਇਆਂ ਨੂੰ ਆਖਦਿਆਂ ਉਨ੍ਹਾਂ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਦਿਉਣ ਕਲੱਬ ਦੇ ਮੈਂਬਰ ਜੋ ਲੰਬੇ ਸਮੇਂ ਤੋਂ ਆਪਣੇ ਕਾਰੋਬਾਰ ਅਤੇ ਨੌਕਰੀ ਕਰਦਿਆਂ ਬਠਿੰਡਾ ਵਿਚ ਵੱਸ ਚੁੱਕੇ ਹਨ, ਉਨ੍ਹਾਂ ਵੱਲੋਂ ਰੂਬਰੂ ਦੌਰਾਨ ਜਗਰੂਪ ਸਿੰਘ ਬਰਾੜ ਨੂੰ ਆਪੋ-ਆਪਣੀ ਪਹਿਚਾਣ ਕਰਵਾਈ।
ਇਸ ਮੌਕੇ ਜਗਰੂਪ ਸਿੰਘ ਬਰਾੜ ਨੇ ਸੱਤ ਸਮੁੰਦਰੋਂ ਪਾਰ ਕੈਨੇਡਾ ਦੀ ਵਿਧਾਨ ਸਭਾ ਬ੍ਰਿਟਿਸ਼ ਕੋਲੰਬੀਆ ਦੇ ਸਿਆਸੀ ਸਫ਼ਰ ਬਾਰੇ ਦਿਉਣ ਕਲੱਬ ਦੇ ਮੈਂਬਰਾਂ ਨਾਲ ਸਾਂਝ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਜਸਵੰਤ ਸਿੰਘ ਬਰਾੜ ਉਨ੍ਹਾਂ ਦੇ ਰਾਹ ਦਸੇਰਾ ਬਣੇ ਪਿੰਡ ਦਿਉਣ ਤੋਂ ਕੈਨੇਡਾ ਦੀ ਸਰਗਰਮ ਸਿਆਸਤ ਵੱਲ ਉਂਗਲੀ ਫੜ ਕੇ ਉਨ੍ਹਾਂ ਤੋਰਿਆ। ਉਨ੍ਹਾਂ ਆਪਣੇ ਭਰਾ ਦੇ ਨਕਸ਼ੇ ਕਦਮ ਉੱਪਰ ਚੱਲਦਿਆਂ ਕੈਨੇਡਾ ਦੀ ਸਰਗਰਮ ਸਿਆਸਤ ਵਿਚ ਆਪਣਾ ਨਾਂਅ ਬਣਾਕੇ ਉੱਥੋਂ ਦੇ ਗੋਰਿਆਂ ਅਤੇ ਆਪਣੇ ਪੰਜਾਬੀ ਭਰਾਵਾਂ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਕੇ ਆਪਣੇ ਮਾਂ-ਬਾਪ, ਪਿੰਡ, ਪੰਜਾਬ ਦਾ ਨਾਂਅ ਦੁਨੀਆਂ ਦੇ ਨਕਸ਼ੇ ‘ਤੇ ਚਮਕਾਇਆ ਹੈ। ਉਨ੍ਹਾਂ ਦੱਸਿਆ ਕਿ ਉਹ ਬਾਸਕਟਬਾਲ ‘ਚ ਨੈਸ਼ਨਲ ਪੱਧਰ ਦਾ ਖਿਡਾਰੀ ਰਿਹਾ ਹੈ। ਉਹ ਪੰਜ ਵਾਰ ਬ੍ਰਿਟਿਸ਼ ਕੋਲੰਬੀਆ ਦੇ ਵਿਧਾਇਕ ਬਣੇ ਅਤੇ ਛੇਵੀਂ ਵਾਰ ਬ੍ਰਿਟਿਸ਼ ਕੋਲੰਬੀਆ ਦੇ ਟਰੇਡ ਮਨਿਸਟਰ ਵਜੋਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦਿਉਣ ਕਲੱਬ ਦੇ ਸਮੂਹ ਮੈਂਬਰਾਂ ਅਤੇ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਕਿਹਾ ਕਿ ਆਪਣੇ ਪਿੰਡ ਦਿਉਣ ਦੇ ਸੂਝਵਾਨ ਲੋਕਾਂ ਉੱਪਰ ਉਹ ਮਾਣ ਮਹਿਸੂਸ ਕਰਦੇ ਹਨ ਕਿ ਤੁਸੀਂ ਮੈਨੂੰ ਐਨਾ ਸਤਿਕਾਰ ਦਿੰਦੇ ਆ ਰਹੇ ਹੋ ਤੇ ਮੈਂ ਚਾਹੁੰਣਾ ਕਿ ਆਓ ਆਪਾਂ ਰਲ ਬੈਠ ਕੇ ਪਿੰਡ ਦੀ ਭਲਾਈ ਬਾਰੇ ਧੜੇਬੰਦੀ ਸਿਆਸਤ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਪਿੰਡ ਦੀ ਨੁਹਾਰ ਬਦਲੀਏ, ਇਹ ਸਭ ਤੁਹਾਡੇ ਸਹਿਯੋਗ ਅਤੇ ਪਿੰਡ ਦੀ ਪੰਚਾਇਤ ਤੇ ਅਗਾਂਹਵਧੂ ਨੌਜਵਾਨਾਂ ਦੇ ਸਹਿਯੋਗ ਨਾਲ ਹੀ ਹੋ ਸਕਦਾ ਹੈ। ਇਸ ਮੌਕੇ ਦਿਉਣ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਜਗਰੂਪ ਸਿੰਘ ਬਰਾੜ ਨੂੰ ਲੋਈ, ਮੈਮੈਂਟੋ ਅਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਜਗਰੂਪ ਸਿੰਘ ਬਰਾੜ ਨੂੰ ਦਿੱਤੇ ਪ੍ਰਸ਼ੰਸਾ ਪੱਤਰ ਨੂੰ ਪੜ੍ਹਦੇ ਹੋਏ ਗੀਤਕਾਰ ਅਲਬੇਲ ਬਰਾੜ ਅਨੁਸਾਰ ਸਾਨੂੰ ਮਣਾਂ ਮੂੰਹੀਂ ਮਾਣ ਹੈ ਕਿ ਸਾਡੇ ਪੇਕੇ ਪਿੰਡ ਦਿਉਣ ਦੇ ਜੰਮਪਲ ਜਗਰੂਪ ਸਿੰਘ ਬਰਾੜ ਜਿਸਨੇ ਖੇਡਾਂ ਵਿਚ ਦਿਉਣ ਪਿੰਡ ਦਾ ਨਾਮ ਨੈਸ਼ਨਲ ਪੱਧਰ ‘ਤੇ ਚਮਕਾਇਆ ਹੈ। ਉੱਥੇ ਮਾਲਵਾ ਟਿੱਬਿਆਂ ਦੀ ਧਰਤੀ ਦੇ ਪਿੰਡ ਦਿਉਣ ਤੋਂ ਉਡਾਰੀ ਭਰਦਿਆ ਸੱਤ ਸਮੁੰਦਰੋਂ ਪਾਰ ਗੋਰਿਆਂ ਦੇ ਦੇਸ ਕੈਨੇਡਾ ਵਿਖੇ ਉੱਥੋਂ ਦੇ ਵਸਨੀਕਾਂ ਦੀ ਪ੍ਰਤੀਨਿਧਤਾ ਕੀਤੀ ਤੇ ਅੱਜ ਬ੍ਰਿਟਿਸ਼ ਕਲੰਬੀਆ ਸਰਕਾਰ ਵਿਚ ਬਤੌਰ ਟਰੇਡ ਮਨਿਸਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸ ਤਰ੍ਹਾਂ ਜਗਰੂਪ ਸਿੰਘ ਬਰਾੜ ਹੁਰਾਂ ਨੇ ਦਿਉਣ ਪਿੰਡ ਨੂੰ ਦੁਨੀਆਂ ਦੇ ਨਕਸ਼ੇ ‘ਤੇ ਸਥਾਪਿਤ ਕੀਤਾ ਹੈ। ਅਸੀਂ ਜਗਰੂਪ ਸਿੰਘ ਬਰਾੜ ਨੂੰ ਸਨਮਾਨਿਤ ਕਰਦਿਆਂ ਖੁਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਾਂ।