#INDIA

ਦਸੰਬਰ ‘ਚ ਭਾਰਤ ਦੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਘਟੀ

ਨਵੀਂ ਦਿੱਲੀ, 1 ਜਨਵਰੀ (ਪੰਜਾਬ ਮੇਲ)- ਦਸੰਬਰ ‘ਚ ਭਾਰਤ ਦੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਤੇਜ਼ੀ ਨਾਲ ਘਟੀ ਹੈ ਪਰ ਇਹ ਗਿਰਾਵਟ ਸਪਲਾਈ ਸਰੋਤਾਂ ਵਿਚ ਕਿਸੇ ਢਾਂਚਾਗਤ ਤਬਦੀਲੀ ਦੀ ਬਜਾਏ ਘੱਟ ਮਿਆਦ ਵਾਲੇ ਅੜਿੱਕਿਆਂ ਕਰ ਕੇ ਹੈ। ਤਾਜ਼ਾ ਅੰਕੜਿਆਂ ਦਾ ਵਿਸ਼ਲੇਸ਼ਣ ਕਰਨ ਵਾਲੀ ਕੰਪਨੀ ਕਪਲਰ ਮੁਤਾਬਕ ਦਸੰਬਰ ਵਿਚ ਭਾਰਤ ਦੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਘੱਟ ਕੇ ਲਗਪਗ 12 ਲੱਖ ਬੈਰਲ ਰੋਜ਼ਾਨਾ ਰਹਿਣ ਦਾ ਅਨੁਮਾਨ ਹੈ, ਜੋ ਨਵੰਬਰ ਵਿਚ 18.4 ਲੱਖ ਬੈਰਲ ਸੀ। ਇਹ ਪੱਧਰ ਦਸੰਬਰ 2022 ਤੋਂ ਬਾਅਦ ਸਭ ਤੋਂ ਹੇਠਲਾ ਹੋਵੇਗਾ। ਭਾਰਤੀ ਰਿਫਾਇਨਰੀਆਂ ਵੱਲੋਂ ਗੈਰ-ਪਾਬੰਦੀਸ਼ੁਦਾ ਇਕਾਈਆਂ ਤੋਂ ਰੂਸੀ ਕੱਚੇ ਤੇਲ ਦੀ ਖ਼ਰੀਦ ਜਾਰੀ ਹੈ।
ਵਿਸ਼ਲੇਸ਼ਕਾਂ ਨੇ ਅਕਤੂਬਰ ਵਿਚ ਹੀ ਇਸ ਗਿਰਾਵਟ ਵੱਲ ਇਸ਼ਾਰਾ ਕਰ ਦਿੱਤਾ ਸੀ। ਅਜਿਹਾ ਰੂਸ ਦੇ ਚੋਟੀ ਦੇ ਬਰਾਮਦਕਾਰਾਂ ਰੋਸਨੈਫਟ ਤੇ ਲੁਕਆਇਲ ਖ਼ਿਲਾਫ਼ ਅਮਰੀਕੀ ਕਾਰਵਾਈ ਅਤੇ ਰੂਸ ਨਾਲ ਜੁੜੇ ਉਤਪਾਦ ਪ੍ਰਵਾਹ ‘ਤੇ ਯੂਰਪੀਅਨ ਯੂਨੀਅਨ ਦੀਆਂ ਪਾਬੰਦੀਆਂ ਕਾਰਨ ਹੋਇਆ ਹੈ। ਕਪਲਰ ਦੇ ਮੁੱਖ ਖੋਜ ਵਿਸ਼ਲੇਸ਼ਕ ਸੁਮਿਤ ਰਿਤੋਲੀਆ ਨੇ ਕਿਹਾ, ”ਦਸੰਬਰ ਵਿਚ ਭਾਰਤ ‘ਚ ਰੂਸੀ ਕੱਚੇ ਤੇਲ ਦੀ ਮੰਗ ਤੇਜ਼ੀ ਨਾਲ ਘਟੀ ਹੈ ਅਤੇ ਬਰਾਮਦ 2022 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ‘ਤੇ ਆ ਗਈ ਹੈ। ਮੁੱਖ ਰਿਫਾਇਨਰੀ ਨੇ ਰੋਸਨੈਫਟ ਅਤੇ ਲੁਕਆਇਲ ‘ਤੇ ਲੱਗੀਆਂ ਪਾਬੰਦੀਆਂ ਤੋਂ ਬਾਅਦ ਖ਼ਰੀਦ ਘਟਾ ਦਿੱਤੀ ਹੈ। ਇਹ ਘੱਟ ਮਿਆਦ ਵਾਲਾ ਹੱਲ ਲੱਗਦਾ ਹੈ ਅਤੇ ਜਨਵਰੀ ਤੋਂ ਨਵੇਂ ਵਿਚੋਲੀਆਂ ਦੇ ਆਉਣ ਅਤੇ ਸਪਲਾਈ ਚੇਨਾਂ ਦੇ ਦੁਬਾਰਾ ਸਥਾਪਤ ਹੋਣ ਨਾਲ ਦਰਾਮਦ ਵਿਚ ਹੌਲੀ-ਹੌਲੀ ਸੁਧਾਰ ਦੀ ਆਸ ਹੈ।” ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਹੈ ਅਤੇ ਉਹ ਫਰਵਰੀ 2022 ਵਿਚ ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਰੂਸੀ ਕੱਚੇ ਤੇਲ ਦਾ ਸਭ ਤੋਂ ਵੱਡਾ ਖ਼ਰੀਦਦਾਰ ਬਣ ਗਿਆ ਸੀ।