ਧਰਮਸ਼ਾਲਾ, 1 ਅਪ੍ਰੈਲ (ਪੰਜਾਬ ਮੇਲ)- ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਨੂੰ ਸ਼ਾਂਤੀ ਤੇ ਸਥਿਰਤਾ ਕਾਇਮ ਕਰਨ ਲਈ ਪਾਏ ਯੋਗਦਾਨ ਬਦਲੇ ਵੱਕਾਰੀ ‘ਗੋਲਡ ਮਰਕਰੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਦੇਣ ਸਬੰਧੀ ਸਮਾਗਮ ਉਨ੍ਹਾਂ ਦੀ ਧਰਮਸ਼ਾਲਾ ਸਥਿਤ ਰਿਹਾਇਸ਼ ‘ਤੇ ਕਰਵਾਇਆ ਗਿਆ। ਇਹ ਪੁਰਸਕਾਰ ਗੋਲਡ ਮਰਕਰੀ ਇੰਟਰਨੈਸ਼ਨਲ ਵੱਲੋਂ ਦਿੱਤਾ ਗਿਆ, ਜੋ ਇੱਕ ਆਲਮੀ ਪੱਧਰ ਦੀ ਸੰਸਥਾ ਤੇ ਕੌਮਾਂਤਰੀ ਐੱਨ.ਜੀ.ਓ. ਹੈ, ਜੋ ਸ਼ਾਂਤੀ, ਸ਼ਾਸਨ ਤੇ ਸਥਿਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਾਰਜਸ਼ੀਲ ਹੈ। ਸੰਸਥਾ ਦੇ ਪ੍ਰਧਾਨ ਨਿਕੋਲਸ ਡੀ ਸੈਂਟਡਸ ਨੇ ਕਿਹਾ, ‘ਦਲਾਈ ਲਾਮਾ ਇੱਕ ਅਜਿਹੇ ਆਗੂ ਹਨ, ਜਿਨ੍ਹਾਂ ਦੇ ਗਿਆਨ, ਦਯਾ ਤੇ ਸ਼ਾਂਤੀ ਪ੍ਰਤੀ ਅਟੁੱਟ ਸਮਰਪਣ ਨੇ ਦੁਨੀਆਂ ਨੂੰ ਪ੍ਰੇਰਿਤ ਕੀਤਾ ਹੈ।’
ਦਲਾਈ ਲਾਮਾ ਵੱਕਾਰੀ ‘ਗੋਲਡ ਮਰਕਰੀ ਐਵਾਰਡ’ ਨਾਲ ਸਨਮਾਨਿਤ
