#AMERICA

ਤ੍ਰਿਪਤ ਭੱਟੀ ਦੀਆਂ ਚੋਣਵੀਆਂ ਮਿੰਨੀ ਕਹਾਣੀਆਂ ਦਾ ਸੰਗ੍ਰਹਿ ਲੋਕ ਅਰਪਿਤ

ਸਟਾਕਟਨ, 26 ਨਵੰਬਰ (ਪੰਜਾਬ ਮੇਲ)- ਪੰਜਾਬੀ ਸਾਹਿਤ ਸਭਾ ਸਟਾਕਟਨ ਵਲੋਂ 18 ਨਵੰਬਰ ਨੂੰ ਪਹਿਲਾ ‘ਪਰਵਾਸੀ ਪੰਜਾਬੀ ਮਿੰਨੀ ਕਹਾਣੀ ਸਮਾਗਮ’ ਸਭਾ ਦੇ ਸਰਗਰਮ ਮੈਂਬਰ ਡਾ. ਰਵੀ ਸ਼ੇਰਗਿੱਲ ਦੇ ਗ੍ਰਹਿ ਵਿਖੇ ਕੀਤਾ ਗਿਆ। ਇਸ ਸਮਾਗਮ ਦੌਰਾਨ ‘ਤ੍ਰਿਪਤ ਭੱਟੀ ਦੀਆਂ ਚੋਣਵੀਆਂ ਮਿੰਨੀ ਕਹਾਣੀਆਂ’ ਸੰਪਾਦਕ: (ਡਾ. ਹਰਪ੍ਰੀਤ ਸਿੰਘ ਰਾਣਾ) ਸੰਗ੍ਰਹਿ ਰਿਲੀਜ਼ ਕੀਤਾ ਗਿਆ। ਸਮਾਗਮ ਦਾ ਆਰੰਭ ਸਭਾ ਦੇ ਪ੍ਰਧਾਨ ਹਰਜਿੰਦਰ ਪੰਧੇਰ ਵਲੋਂ ਸਮਾਗਮ ਵਿਚ ਪਹੁੰਚੇ ਲੇਖਕਾਂ ਅਤੇ ਵਿਦਵਾਨਾਂ ਦਾ ਸਵਾਗਤ ਕਰਦਿਆਂ ਹੋਇਆ। ਇਸ ਉਪਰੰਤ ਉਨ੍ਹਾਂ ਨੇ ਡਾ. ਹਰਪ੍ਰੀਤ ਸਿੰਘ ਰਾਣਾ (ਪਟਿਆਲਾ), ਮੰਗਤ ਕੁਲਜਿੰਦ : ਸੰਪਾਦਕ ਸ਼ਬਦ ਤ੍ਰਿੰਜਣ, ਬਠਿੰਡਾ (ਸਿਆਟਲ) ਅਤੇ ਡਾ. ਮਾਨ ਸਿੰਘ ਢੀਂਡਸਾ, ਰਿਟਾ; ਪ੍ਰੋਫੇਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਮਾਗਮ ਦੇ ਸਬੰਧ ਵਿਚ ਆਏ ਵਧਾਈ ਸ਼ੰਦੇਸ਼ ਪੜ੍ਹ ਕੇ ਸੁਣਾਏ। ਭੱਟੀ ਸਾਹਿਬ ਦੇ ਕਹਾਣੀ ਸੰਗ੍ਰਹਿ ‘ਕੋਧਰੇ ਦੀ ਰੋਟੀ’ ਨੂੰ, ਗੁਲਸ਼ਨ ਰਾਏ ਕੁਲਰੀਆ ਵਲੋਂ ਮਿਲੇ ਯਾਦਗਾਰੀ ਸਰਬੋਤਮ ਪੁਰਸਕਾਰ ਦੀ ਵੀਡੀਓ ਸਾਂਝੀ ਕੀਤੀ ਗਈ।
ਮਿੰਨੀ ਕਹਾਣੀ ਪ੍ਰਤੀ ਆਪਣੇ ਵਿਚਾਰ ਪ੍ਰਗਟਾਉਂਦਿਆਂ ਹਰਜਿੰਦਰ ਪੰਧੇਰ ਨੇ ਕਿਹਾ ਕਿ ‘ਮਿੰਨੀ ਕਹਾਣੀ ਮਹਿਕਮ ਭਰੀ ਉਸ ਐੱਸਪਰੈਸੋ ਕਾਫੀ ਵਰਗੀ ਹੁੰਦੀ ਹੈ, ਜਿਸ ਦੀ ਇੱਕੋ ਘੁੱਟ ਸਾਡੇ ਤਨ-ਮਨ ਨੂੰ ਅਨੰਦਿਤ ਕਰ ਦਿੰਦੀ ਹੈ। ਆਪਣੇ ਛੋਟੇ ਅਕਾਰ ਕਰਕੇ ਲਿਖਣ ਨੂੰ ਇਹ ਜਿੰਨੀ ਅਸਾਨ ਲੱਗਦੀ ਹੈ, ਓਨ੍ਹੀ ਹੁੰਦੀ ਨਹੀਂ। ਇਸ ਨੂੰ ਲਿਖਣ ਲਈ ਵੀ ਉਨ੍ਹਾਂ ਹੀ ਮੰਥਨ ਕਰਨਾ ਪੈਂਦਾ ਹੈ, ਜਿੰਨਾ ਕਹਾਣੀ ਲਿਖਣ ਲਈ। ਸਭਾ ਦੀ ਮੀਤ ਪ੍ਰਧਾਨ ਡਾ. ਮਨਰੀਤ ਗਰੇਵਾਲ ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਕਿਹਾ ਕਿ ਅਜੋਕੇ ਸਮਿਆਂ ਵਿਚ ਸਮਾਜ ਦੀਆਂ ਗੈਰ ਮਾਨਵੀ ਪ੍ਰਸਥਿਤੀਆਂ ਵਿਚੋਂ ਨਿਕਲੇ ਪ੍ਰਤੀਫਲ ਦੇ ਆਧਾਰ ‘ਤੇ ਕਿਸੇ ਬਿਰਤਾਂਤ ਦੀ ਸਿਰਜਣਾ ਹੁਣ ਪਹਿਲਾਂ ਵਾਂਗ ਆਸਾਨ ਨਾ ਰਹਿ ਕੇ ਗੰਭੀਰ, ਚਿੰਤਨਸ਼ੀਲ ਸਿਰਜਣਹਾਰਿਆਂ ਦਾ ਕੰਮ ਰਹਿ ਗਿਆ ਹੈ। ਭੱਟੀ ਸਾਹਿਬ ਵਰਗੇ ਪ੍ਰੌੜ ਲੇਖਕ ਦੀਆਂ ਮਿੰਨੀ ਕਹਾਣੀਆਂ ਵਿਚ ਅਜਿਹੀ ਪਕੜ ਦੀਆਂ ਸਭ ਲੱਭਤਾਂ ਮੌਜੂਦ ਹਨ।
ਭੱਟੀ ਸਾਹਿਬ ਨੇ ਆਪਣੀ ਕਹਾਣੀ ਕਲਾ ਵਿਚਲੇ ਟੁੰਭਵੇ ਭਾਵਾਂ ਦਾ ਖੁਲਾਸਾ ਕਰਦਿਆਂ ਆਖਿਆ ਕਿ ‘ਮਿੰਨੀ ਕਹਾਣੀ ਰੀਝਾਂ ਨਾਲ ਪਾਲੀ ਧੀ ਨੂੰ ਗਲਤ ਸੰਗਤ ਵਿਚ ਪੈਕੇ ਅਮੋੜ ਹੋ ਜਾਣ ‘ਤੇ ਉਸ ਨੂੰ ਰੋਕ ਪਾਉਣ ਦੀ ਅਸਮਰਥਤਾ ਦੀ ਜੋ ਹੂਕ ਹੈ, ਉਸ ਨੂੰ ਆਪਣੀ ਰੂਹ ‘ਤੇ ਹੰਢਾ ਕੇ ਕਲਮ ਚੁੱਕਣ ਨਾਲ ਕਹਾਣੀ ਬਣਦੀ ਹੈ। ਇਸ ਉਪਰੰਤ ਹਰਨੇਕ ਸਿੰਘ ਨੇ ਤ੍ਰਿਪਤ ਭੱਟੀ ਦੀ ਕਹਾਣੀ ਕਲਾ ਉੱਪਰ ਲਿਖਿਆ ਇੱਕ ਵਿਸਥਾਰਤ ਪੇਪਰ ਪੜ੍ਹਿਆ। ਮਨਜੀਤ ਕੌਰ ਸੇਖੋਂ, ਗੁਰਮੀਤ ਪਨਾਗ, ਗੁਰਪ੍ਰਤਿ ਕੌਰ ਨੇ ਭੱਟੀ ਸਾਹਿਬ ਨੂੰ ਵਧਾਈ ਦਿੱਤੀ। ਦੂਸਰਾ, ਨਿਰਗਲਪ ਕਹਾਣੀ ਸੰਗ੍ਰਹਿ, (ਸੋ ਦੁੱਖ ਕੈਸਾ ਪਾਵੈ :ਡਾ. ਗੋਬਿੰਦਰ ਸਿੰਘ ਸਮਰਾਓ) ਦੁਆਰਾ ਰਚਿਤ ਰਿਲੀਜ਼ ਕੀਤਾ ਗਿਆ। ਇਸ ਸੰਗ੍ਰਹਿ ਉਨ੍ਹਾਂ ਦੀਆਂ ਹੋਮਿਓਪੈਥੀ ਇਲਾਜ ਪ੍ਰਣਾਲੀ ਦੇ ਕ੍ਰਿਸ਼ਮਿਆਂ ਨੂੰ ਦਰਸਾਉਂਦੀਆਂ ਨਿਰਗਲਪ ਕਥਾਵਾਂ ਦਾ ਸੰਗ੍ਰਹਿ ਹੈ।
ਸਮਾਗਮ ਦੇ ਦੂਸਰੇ ਦੌਰ ਵਿਚ ਨਾਮਵਰ ਕਹਾਣੀਕਾਰ ਅਤੇ ਅਲੋਚਕ ਅਜਮੇਰ ਸਿੰਘ ਸਿੱਧੂ ਨੇ ‘ਨਿੱਗਰ ਖੰਭਾਂ ਦੀ ਉਡਾਣ’ (ਅਜੋਕੀ ਅਮਰੀਕੀ ਪੰਜਾਬੀ ਕਹਾਣੀ) ਬਾਰੇ ਆਪਣੇ ਵਿਚਾਰ ਪ੍ਰਗਟਾਉਂਦਿਆ ਕਿਹਾ ਕਿ ਜਦੋਂ ਅਸੀਂ ਅਮਰੀਕੀ ਪੰਜਾਬੀ ਕਹਾਣੀ ਦੇ ਵਿਕਾਸ ‘ਤੇ ਨਿਗਾਹ ਮਾਰਦੇ ਹਾਂ, ਤਾਂ ਪਹਿਲੇ ਕਹਾਣੀਕਾਰਾਂ ਦੇ ਮੁਕਾਬਲਤਨ ਹੁਣ ਦਾ ਕਹਾਣੀਕਾਰ : ਗੋਰਿਆਂ ਬਾਰੇ ਬਣੀਆਂ ਪੁਰਾਣੀਆਂ ਮਿਥਾਵਾਂ ਨੂੰ ਤੋੜਦਾ ਨਿਰੋਲ ਅਮਰੀਕੀ ਸਮਾਜ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਦਾ, ਪਰਤਾਂ ਖੋਲ੍ਹਦਾ ਨਜ਼ਰ ਆਊਂਦਾ ਹੈ।
ਗੀਤ-ਸੰਗੀਤ ਅਤੇ ਕਵਿਤਾ ਦੇ ਦੌਰ ਵਿਚ ਕੈਲੀਫੋਰਨੀਆਂ ਦੇ ਸਰਬੋਤਮ ਗੀਤਾਂ ਦੇ ਰਚਨਹਾਰ ਮੱਖਣ ਲੁਹਾਰ ਨੇ ਸਟੇਜ ‘ਤੇ ਚੰਗਾ ਰੰਗ ਬੰਨ੍ਹਦਿਆਂ ਸ਼ੁਰੂਆਤ ਕੀਤੀ। ਨਰਿੰਦਰ ਨਵਲ ਨੇ ਆਪਣੀ ਕਵਿਤਾ, ‘ਮੁੱਕ ਜਾਣਗੇ ਉਸ ਦਿਨ ਰੌਲੇ ਤੇ ਘਮਸਾਨ ਸਾਰੇ, ਮਿਲਣਗੇ ਜਿਸ ਦਿਨ ਨਫਰਤ ਨੂੰ ਜਵਾਬ ਕਰਾਰੇ। ਅਮਰਪਾਲ ਕੰਬੋਜ਼ ‘ਕਾਗਜ਼ ਉੱਤੇ ਉੱਕਰ ਕੇ ਜਜ਼ਬਾਤ ਲੈ ਆਇਆ, ਖੁਦ ਆਪਣੇ ਨਾਲ ਹੋ ਜਾਂਦੀ ਗੱਲਬਾਤ ਲੈ ਆਇਆਂ’। ਮਨਜੀਤ ਕੌਰ ਸੇਖੋਂ ਨੇ ‘ਮੈਨੂੰ ਅੰਬਰਾਂ ‘ਚ ਉੱਚਾ ਉੱਡ ਲੈਣ ਦੇ, ਮੇਰੇ ਪੈਰੀਂ ਝਾਂਜਰਾਂ ਨਾ ਬੰਨ ਹਾਣੀਆ’। ਮਨਰੀਤ ਗਰੇਵਾਲ ਨੇ ਦਰਦ ਭਰਿਆ ਬਿਰਹਾ ਦਾ ਗੀਤ ‘ਤੇਰੇ ਬਿਰਹਾ ‘ਚ ਹੌਂਕਿਆਂ ਨਾਲ ਹੌਂਕੇ ਹੋ ਕੇ, ਕੀਤਾ ਅਸਾਂ ਯਾਦਾਂ ਦਾ ਸਿਮਰਣ ਰੋ ਰੋ ਕੇ’ ਸੁਣਾ ਸਰੋਤਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਸਮਾਗਮ ਵਿਚ ਉਪਰੋਕਤ ਤੋਂ ਇਲਾਵਾ, ਮ੍ਰਿਗਇੰਦਰ ਪੰਧੇਰ, ਮੋਹਨਇੰਦਰ ਕੌਰ, ਬਲਵਿੰਦਰ ਢਿੱਲੋਂ, ਪਲਵਿੰਦਰ ਮੱਲੀ, ਪਰਮਜੀਤ ਭੁੱਟ, ਸੱਤਪਾਲ ਸਿੰਘ, ਸੁਖਦੇਵ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਨੇ ਭਾਗ ਲਿਆ। ਇਸ ਸਾਰੇ ਸਮਾਗਮ ਦੌਰਾਨ ਡਾ. ਰਵੀ ਸ਼ੇਰਗਿੱਲ ਨੇ ਦਿੱਲ ਖੋਲ੍ਹ ਕੇ ਮਹਿਮਾਨਨਿਵਾਜ਼ੀ ਕੀਤੀ ਅਤੇ ਪਹੁੰਚੇ ਸੱਜਣਾਂ ਦਾ ਧੰਨਵਾਦ ਕੀਤਾ।