#PUNJAB

ਤੇਜ਼ੀ ਨਾਲ ਬਦਲ ਰਹੀ ਹੈ ਜਲੰਧਰ ਸ਼ਹਿਰ ਦੀ ਸਾਖ਼; ਦਲ-ਬਦਲੂਆਂ ਦੇ ਨਾਂ ‘ਤੇ ਮਸ਼ਹੂਰ ਹੋਣ ਲੱਗਾ ਜਲੰਧਰ

* ਵਾਰ-ਵਾਰ ਚੋਣਾਂ ਬਣ ਰਹੀਆਂ ਨੇ ਦਲ-ਬਦਲੀ ਦਾ ਕਾਰਨ
* ਖੇਡਾਂ ਦੇ ਸਾਮਾਨ ਦਾ ਕੇਂਦਰ ਰਹੇ ਸ਼ਹਿਰ ਨਾਲ ‘ਸਿਆਸਤਦਾਨਾਂ ਦੀ ਮੰਡੀ’ ਦਾ ਲਕਬ ਜੁੜਨ ਲੱਗਾ
ਜਲੰਧਰ, 4 ਜੁਲਾਈ (ਪੰਜਾਬ ਮੇਲ)- ਜਲੰਧਰ ਪੱਛਮੀ ਹਲਕੇ ਦੀ ਜਲਦਬਾਜ਼ੀ ਨਾਲ ਹੋ ਰਹੀ ਜ਼ਿਮਨੀ ਚੋਣ ਜਲੰਧਰ ਸ਼ਹਿਰ ਦੀ ਸਾਖ਼ ਨੂੰ ਵੀ ਤੇਜ਼ੀ ਨਾਲ ਬਦਲ ਰਹੀ ਹੈ। ਮੀਡੀਆ ਹੱਬ, ਖੇਡਾਂ ਦੇ ਸਾਮਾਨ ਦੇ ਨਿਰਮਾਣ ਅਤੇ ਸਿੱਖਿਆ ਕੇਂਦਰ ਵਜੋਂ ਪਛਾਣ ਬਣਾ ਚੁੱਕੇ ਇਸ ਸ਼ਹਿਰ ਨਾਲ ਹੁਣ ਇਕ ਨਵਾਂ ਲਕਬ ਜੁੜਦਾ ਜਾ ਰਿਹਾ ਹੈ। ਜੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਮੰਨੀਏ ਤਾਂ ਜਲੰਧਰ ‘ਦਲ-ਬਦਲੂਆਂ ਦਾ ਸ਼ਹਿਰ’ ਬਣ ਗਿਆ ਹੈ। ਉਨ੍ਹਾਂ ਦੀ ਟਿੱਪਣੀ ਕਈ ਆਗੂਆਂ ਵੱਲੋਂ ਦਲ-ਬਦਲੀ ਕਰਨ ਅਤੇ ਖਾਸਕਰ ਕਈਆਂ ਵੱਲੋਂ ਇਕ ਦਿਨ ‘ਚ ਹੀ ਇਕ ਪਾਰਟੀ ਛੱਡਣ ਮਗਰੋਂ ਦੂਜੀ ‘ਚ ਸ਼ਾਮਲ ਹੋ ਕੇ ਸ਼ਾਮ ਨੂੰ ‘ਘਰ ਵਾਪਸੀ’ ਦੇ ਮੱਦੇਨਜ਼ਰ ਸਾਹਮਣੇ ਆਈ ਹੈ।
ਬਾਜਵਾ ਮੁਤਾਬਕ, ‘ਜਲੰਧਰ ਹੁਣ ‘ਦਲ-ਬਦਲੂਆਂ’ ਦੇ ਸ਼ਹਿਰ ਜਾਂ ‘ਸਿਆਸਤਦਾਨਾਂ ਦੀ ਮੰਡੀ’ ਵਜੋਂ ਵਧੇਰੇ ਪ੍ਰਸਿੱਧ ਹੋ ਰਿਹਾ ਹੈ।’ ਦਲ-ਬਦਲੂਆਂ ਨੇ ਪੰਜਾਬ ਦੀ ਸਿਆਸਤ ਦੇ ਸਾਰੇ ਰਿਕਾਰਡਾਂ ਨੂੰ ਮਾਤ ਪਾ ਦਿੱਤਾ ਹੈ। ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਫਟਾਫਟ ਦਲ-ਬਦਲੀ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਸ਼ੋਪੰਜ ‘ਚ ਹਨ। ਕਈ ਵਿਦਵਾਨਾਂ ਨੇ ਅਜਿਹੇ ਸਿਆਸੀ ਰੁਝਾਨ ‘ਤੇ ਚਿੰਤਾ ਪ੍ਰਗਟਾਈ ਹੈ ਕਿ ਕਿਵੇਂ ਰਾਜਸੀ ਆਗੂ ਆਪਣਾ ਮੁੱਲ ਤੈਅ ਕਰਦੇ ਹਨ ਤੇ ਨਾਂ ‘ਸੇਵਾ’ ਕਰਨ ਦਾ ਲੈਂਦੇ ਹਨ।
ਵਾਰ-ਵਾਰ ਚੋਣਾਂ ਵੀ ਦਲ-ਬਦਲੀ ਦਾ ਕਾਰਨ ਬਣ ਰਹੀਆਂ ਹਨ। ਸਾਲ 2022 ਦੀਆਂ ਅਸੈਂਬਲੀ ਚੋਣਾਂ, ਮਈ 2023 ਦੀ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਤੇ ਬੀਤੇ ਜੂਨ ਮਹੀਨੇ ਲੋਕ ਸਭਾ ਚੋਣਾਂ ਮਗਰੋਂ ਹੁਣ ਜਲੰਧਰ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ 10 ਜੁਲਾਈ ਨੂੰ ਹੋਣ ਜਾ ਰਹੀ ਹੈ। ਦਲ-ਬਦਲੀ ਤਹਿਤ ਸਾਬਕਾ ਸੰਸਦ ਮੈਂਬਰ, ਤਿੰਨ ਸਾਬਕਾ ਵਿਧਾਇਕਾਂ, ਇੱਕ ਵਿਧਾਇਕ ਉਮੀਦਵਾਰ, ਇਕ ਸੀਨੀਅਰ ਡਿਪਟੀ ਮੇਅਰ ਤੇ ਘੱਟੋ-ਘੱਟ ਦੋ ਦਰਜਨ ਸਾਬਕਾ ਕੌਂਸਲਰਾਂ ਨੇ ਆਪਣੇ ਦਲ ਛੱਡ ਕੇ ਦੂਜੀਆਂ ਪਾਰਟੀਆਂ ਦੇ ਖੇਮੇ ਵਿਚ ‘ਸਿਆਸੀ ਛਾਲ਼ਾਂ’ ਮਾਰੀਆਂ ਹਨ।
ਜਲੰਧਰ ਪੱਛਮੀ ਜ਼ਿਮਨੀ ਚੋਣ ਵੀ ਦਲ-ਬਦਲੀ ਕਾਰਨ ਹੋ ਰਹੀ ਹੈ, ਜਿਸ ਦਾ ਪ੍ਰਗਟਾਵਾ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਕਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਇਹ ਚੋਣ ਥੋਪੀ ਗਈ ਹੈ ਕਿਉਂਕਿ ‘ਆਪ’ ਦਾ ਵਿਧਾਇਕ ਕਥਿਤ ‘ਗੱਦਾਰੀ’ ਕਰਕੇ ਭਾਜਪਾ ਵਿਚ ਚਲਾ ਗਿਆ ਹੈ। ਸ਼ੀਤਲ ਅੰਗੁਰਾਲ ਪਹਿਲਾਂ ਭਾਜਪਾ ‘ਚ ਸੀ, ਜੋ 2022 ‘ਚ ‘ਆਪ’ ਵਿਚ ਸ਼ਾਮਲ ਹੋ ਕੇ ਪਾਰਟੀ ਦੀ ਟਿਕਟ ‘ਤੇ ਵਿਧਾਇਕ ਬਣਨ ਮਗਰੋਂ ਦੋ ਸਾਲਾਂ ਬਾਅਦ ਮੁੜ ਭਾਜਪਾ ਵਿਚ ਚਲਾ ਗਿਆ। ਉਹ ਹੁਣ ਜਲੰਧਰ ਪੱਛਮੀ ਹਲਕੇ ਤੋਂ ਭਾਜਪਾ ਦਾ ਉਮੀਦਵਾਰ ਹੈ। ਇਸ ਤੋਂ ਇਲਾਵਾ ਸੁਸ਼ੀਲ ਰਿੰਕੂ ਪਹਿਲਾਂ ਕਾਂਗਰਸ ਤੋਂ ‘ਆਪ’ ਵਿਚ ਤੇ ਬਾਅਦ ‘ਚ ਭਾਜਪਾ ‘ਚ ਸ਼ਾਮਲ ਹੋ ਗਏ। ਰਿੰਕੂ ਨੇ ਤਿੰਨ ਸਾਲਾਂ ‘ਚ ਤਿੰਨ ਪਾਰਟੀਆਂ ਬਦਲੀਆਂ ਹਨ।
ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿਚ ‘ਆਪ’ ਉਮੀਦਵਾਰ ਅਤੇ ਸਾਬਕਾ ਮੰਤਰੀ ਭਗਤ ਚੂਨੀ ਲਾਲ ਦੇ ਪੁੱਤਰ ਮਹਿੰਦਰ ਭਗਤ ਪਹਿਲਾਂ ਭਾਜਪਾ ‘ਚ ਸਨ। ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਰਜੀਤ ਕੌਰ ਨੇ ਤਾਂ ਇੱਕੋ ਦਿਨ ‘ਚ ਹੀ ‘ਆਪ’ ਦਾ ਗੇੜਾ ਲਾ ਕੇ ਘਰ ਵਾਪਸੀ ਕਰ ਲਈ। ਮਈ 2023 ‘ਚ ਜਲੰਧਰ ਸਾਬਕਾ ਵਿਧਾਇਕ ਸੁਰਿੰਦਰ ਚੌਧਰੀ ਨੇ ਵੀ ਅਜਿਹਾ ਹੀ ਕੀਤਾ ਸੀ। ਲੋਕ ਸਭਾ ਜ਼ਿਮਨੀ ਚੋਣ ਦੌਰਾਨ ਉਹ ‘ਆਪ’ ਵਿਚ ਸ਼ਾਮਲ ਹੋ ਗਏ ਸਨ ਤੇ ਉਸੇ ਸ਼ਾਮ ਪ੍ਰਤਾਪ ਸਿੰਘ ਬਾਜਵਾ ਉਨ੍ਹਾਂ ਨੂੰ ਕਾਂਗਰਸ ਵਿਚ ਵਾਪਸ ਲੈ ਆਏ ਸਨ। ਪਿਛਲੇ ਸਾਲ ਚੌਧਰੀ ਸੁਰਿੰਦਰ ਸਿੰਘ ਤੇ ਇਸ ਸਾਲ ਬੀਬੀ ਸੁਰਜੀਤ ਕੌਰ ਦੀ ਦਲ-ਬਦਲੀ ਦਾ ਮਾਮਲਾ ‘ਆਪ’ ਲਈ ਕਥਿਤ ਨਮੋਸ਼ੀ ਦਾ ਕਾਰਨ ਬਣਿਆ ਹੈ।
ਹਾਲ ‘ਚ ‘ਆਪ’ ਵੱਲੋਂ ਲੋਕ ਸਭਾ ਚੋਣ ਲੜੇ ਪਵਨ ਟੀਨੂੰ ਨੇ ਬਸਪਾ ਰਾਹੀਂ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ ਤੇ ਉਹ ਅਕਾਲੀ ਦਲ ‘ਚ ਵੀ ਰਹੇ। ਅਕਾਲੀ ਦਲ ਦੇ ਲੋਕ ਸਭਾ ਚੋਣ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਆਪਣੀ ਵਫ਼ਾਦਾਰੀ ਬਦਲਣ ਤੋਂ ਪਹਿਲਾਂ ਕਈ ਦਹਾਕੇ ਕਾਂਗਰਸ ‘ਚ ਰਹੇ ਸਨ। ਕਾਂਗਰਸੀ ਆਗੂ ਤੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ (ਮਰਹੂਮ) ਦਾ ਪਰਿਵਾਰ ਵੀ ਭਾਜਪਾ ‘ਚ ਸ਼ਾਮਲ ਹੋ ਗਿਆ। ਉਨ੍ਹਾਂ ਦੀ ਵਿਧਵਾ ਚੌਧਰੀ ਕਰਮਜੀਤ ਕੌਰ ਨੇ 2023 ਦੀ ਲੋਕ ਸਭਾ ਜ਼ਿਮਨੀ ਚੋਣ ਕਾਂਗਰਸ ਦੀ ਟਿਕਟ ਲੜੀ ਸੀ ਤੇ ਹੁਣ ਉਹ ਭਾਜਪਾ ‘ਚ ਹਨ। ਜਲੰਧਰ ਸਭ ਤੋਂ ਵੱਧ ਪੰਜ ਵਾਰ ਦਲ-ਬਦਲੀ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੇ ਕੀਤੀ। ਉਹ ਅਕਾਲੀ ਤੋਂ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਤੇ ਫਿਰ ਕਾਂਗਰਸ ਦਾ ਗੇੜਾ ਲਾਉਣ ਮਗਰੋਂ ਅਕਾਲੀ ਦਲ ‘ਚ ਵਾਪਸ ਆ ਗਏ ਸਨ। ਉਸ ਮਗਰੋਂ ਉਹ ‘ਆਪ’ ਵਿਚ ਫਿਰ ਭਾਜਪਾ ‘ਚ ਸ਼ਾਮਲ ਹੋ ਗਏ। ਕਾਂਗਰਸ ਨਾਲ ਸਬੰਧਤ ਸਾਬਕਾ ਕੌਂਸਲਰ ਜਗਦੀਸ਼ ਸਮਰਾਏ ਪਹਿਲਾਂ 23 ਮਈ ਨੂੰ ਭਾਜਪਾ ‘ਚ ਸ਼ਾਮਲ ਹੋਏ ਤੇ ਫਿਰ 38 ਦਿਨਾਂ ਬਾਅਦ ਹੀ ‘ਆਪ’ ਚਲੇ ਗਏ। ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ ਦਾ ਅਕਾਲੀ ਦਲ ਤੋਂ ‘ਆਪ’ ਫਿਰ ਭਾਜਪਾ ਮੁੜ ‘ਆਪ’ ‘ਚ ਵਾਪਸੀ ਦਾ ਨਾਟਕੀ ਸਫ਼ਰ ਰਿਹਾ।