ਨਵੀਂ ਦਿੱਲੀ, 1 ਨਵੰਬਰ (ਪੰਜਾਬ ਮੇਲ)- ਦਿੱਲੀ ਦੀਆਂ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਬੰਦੀ ਛੋੜ ਦਿਵਸ ਦੇ ਮੌਕੇ ਤਿਹਾੜ ਜੇਲ੍ਹ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਗਤੀ ਅਰਦਾਸ ਕੀਤੀ ਗਈ। ਸੰਗਤਾਂ ਵੱਲੋਂ ਗੁਰੂ ਜਸ ਗਾਇਨ ਕਰਨ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਤਰਲਾ ਮਾਰਿਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ, ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਬੰਦੀ ਸਿੰਘਾਂ ਦੀ ਰਿਹਾਈ ‘ਚ ਹੋ ਰਹੀ ਦੇਰੀ ਲਈ ਦਿੱਲੀ ਕਮੇਟੀ ਆਗੂਆਂ ਦੀ ਕਾਰਜਸ਼ੈਲੀ ਉਤੇ ਸਵਾਲ ਚੁੱਕੇ।
ਡਾਕਟਰ ਪਰਮਿੰਦਰ ਪਾਲ ਸਿੰਘ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਫੈਸਲਾ ਲੈਣ ਲਈ ਮਿਤੀ 21 ਦਸੰਬਰ 2023 ਨੂੰ ਦਿੱਲੀ ਸਰਕਾਰ ਦੀ ਸਜ਼ਾ ਸਮੀਖਿਆ ਬੋਰਡ ਦੀ ਹੋਈ ਮੀਟਿੰਗ ਦੀ ਕਾਰਵਾਈ ਜਨਤਕ ਕੀਤੀ। ਡਾਕਟਰ ਪਰਮਿੰਦਰ ਪਾਲ ਸਿੰਘ ਨੇ ਦਾਅਵਾ ਕੀਤਾ ਕਿ ਦਿੱਲੀ ਸਰਕਾਰ ਦੇ ਜੇਲ੍ਹ ਮੰਤਰੀ ਕੈਲਾਸ਼ ਗਹਿਲੋਤ ਵੱਲੋਂ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਸਮਰਥਨ ਕਰਨ ਦੇ ਬਾਵਜੂਦ ਬੋਰਡ ਦੇ ਬਾਕੀ ਛੇ ਮੈਂਬਰਾਂ ਦੇ ਵਿਰੋਧ ਕਾਰਨ ਰਿਹਾਈ ਮਤਾ 6:1 ਨਾਲ ਰੱਦ ਹੋ ਗਿਆ। ਇਸ ਤੋਂ ਪਹਿਲਾਂ ਵੀ ਇਹ ਬੋਰਡ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਮਤੇ ਨੂੰ 4-5 ਵਾਰ ਠੁਕਰਾ ਤੇ 1 ਵਾਰ ਲਟਕਾ ਚੁੱਕਿਆ ਹੈ। ਇਹ ਸਿੱਖਾਂ ਨਾਲ ਸਿੱਧਾ ਵਿਤਕਰਾ ਹੈ।