ਤਰਨਤਾਰਨ, 15 ਦਸੰਬਰ (ਪੰਜਾਬ ਮੇਲ)- ਤਰਨਤਾਰਨ ਦੇ ਪਿੰਡ ਮਨਾਵਾ ਵਿਖੇ ਵਿਆਹ ਸਮਾਗਮ ਵਿਚ ਨਾਜਾਇਜ਼ ਹਥਿਆਰ ਲੈ ਕੇ ਪੁੱਜੇ ਇਕ ਨੌਜਵਾਨ ਨੂੰ ਥਾਣਾ ਖੇਮਕਰਨ ਦੀ ਪੁਲਿਸ ਨੇ ਸੂਚਨਾ ਦੇ ਅਧਾਰ ’ਤੇ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਉਸਦਾ ਇਕ ਹੋਰ ਸਾਥੀ ਫਰਾਰ ਹੋ ਗਿਆ। ਪੁਲਿਸ ਨੇ ਦੋਵਾਂ ਵਿਰੁੱਧ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਸਬ-ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਬੱਸ ਅੱਡਾ ਭੂਰਾ ਕੋਹਨਾ ਦੇ ਕੋਲ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬਲਵੰਤ ਸਿੰਘ ਪੁੱਤਰ ਵੀਰ ਸਿੰਘ ਵਾਸੀ ਮਨਾਵਾਂ ਦੇ ਪੋਤਰੇ ਦਾ ਵਿਆਹ ਹੈ ਅਤੇ ਉਥੇ ਸਰਬਜੀਤ ਸਿੰਘ ਟੋਨੀ ਪੁੱਤਰ ਵਿਰਸਾ ਸਿੰਘ ਅਤੇ ਮਨਦੀਪ ਸਿੰਘ ਦੀਪ ਪੁੱਤਰ ਸਤਨਾਮ ਸਿੰਘ ਵਾਸੀ ਭਾਈ ਲੱਧੂ ਨਾਜਾਇਜ਼ ਅਸਲਾ ਲੈ ਕੇ ਆਏ ਹਨ। ਉਨ੍ਹਾਂ ਨੇ ਸੂਚਨਾ ਦੇ ਅਦਾਰ ’ਤੇ ਜਦੋਂ ਛਾਪੇਮਾਰੀ ਕੀਤੀ ਤਾਂ ਸਰਬਜੀਤ ਸਿੰਘ 30 ਬੋਰ ਦੇ ਪਿਸਟਲ ਸਮੇਤ ਕਾਬੂ ਆ ਗਿਆ, ਜਿਸਦੇ ਮੈਗਜ਼ੀਨ ਵਿਚ ਸੱਤ ਰੌਂਦ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਮਨਦੀਪ ਸਿੰਘ ਦੀਪ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਦੋਵਾਂ ਵਿਰੁੱਧ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

