#CANADA

ਤਰਕਸ਼ੀਲ ਸੁਸਾਇਟੀ ਕੈਨੇਡਾ ਦਾ ਜਨਰਲ ਇਜਲਾਸ – ਅਵਤਾਰ ਬਾਈ ਸਰਪ੍ਰਸਤ, ਬਲਦੇਵ ਰਹਿਪਾ ਪ੍ਰਧਾਨ ਅਤੇ ਬੀਰਬਲ ਭਦੌੜ ਜਨਰਲ ਸਕੱਤਰ ਚੁਣੇ ਗਏ

ਸਰੀ, 24 ਮਈ (ਹਰਦਮ ਮਾਨ/ਪੰਜਾਬ ਮੇਲ)-ਕਨੇਡਾ ਦੇ ਵੱਖ ਵੱਖ ਸੂਬਿਆਂ ਦੀਆਂ ਤਰਕਸ਼ੀਲ ਸੁਸਾਇਟੀਆਂ ਦੇ ਨੁਮਾਇੰਦਿਆਂ ਦੀ ਜ਼ੂਮ ਮੀਟਿੰਗ ਹੋਈ ਜਿਸ ਵਿੱਚ ਬੀਤੇ ਦੋ ਸਾਲਾਂ ਦੇ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ, ਸੰਵਿਧਾਨ ਤੇ ਐਲਾਨਨਾਮੇ ‘ਤੇ ਵਿਚਾਰ ਚਰਚਾ ਕੀਤੀ ਗਈ ਅਤੇ ਨਵੀਂ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਡਾ. ਬਲਜਿੰਦਰ ਸੇਖੋਂ ਨੇ ਦੱਸਿਆ ਹੈ ਕਿ ਸਕੱਤਰ ਬਲਦੇਵ ਰਹਿਪਾ ਵੱਲੋਂ ਬੀਤੇ ਦੋ ਸਾਲਾਂ ਦੇ ਕੰਮਾਂ ਦੀ ਵਿਸਥਾਰਤ ਰਿਪੋਰਟ ਪੇਸ਼ ਕੀਤੀ ਗਈ। ਇਸ ਵਿਚ ਸੁਸਾਇਟੀ ਵੱਲੋਂ ਕਿਸਾਨੀ ਅੰਦੋਲਨ ਵਿੱਚ ਪਾਏ ਯੋਗਦਾਨ, ਮੂਲ ਨਿਵਾਸੀਆਂ ਲਈ ਬਣਾਏ ਰਿਹਾਇਸ਼ੀ ਸਕੂਲਾਂ ਵਿੱਚ ਵੱਡੇ ਪੱਧਰ ‘ਤੇ ਅਣ-ਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਏ ਬੱਚਿਆਂ ਦੀਆਂ ਲੱਭੀਆਂ ਕਬਰਾਂ ਬਾਰੇ ਕੀਤੇ ਸੈਮੀਨਾਰ, ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਘੋਲ ਵਿਚ ਕੀਤੇ ਸਹਿਯੋਗ ਅਤੇ ਕਨੇਡਾ ਪੱਧਰ ‘ਤੇ ਕਰਵਾਏ ਗਏ ਨਾਟਕਾਂ ਦਾ ਖਾਸ ਵਰਨਣ ਸੀ।
ਸੁਸਾਇਟੀ ਦੇ ਐਲਾਨਨਾਮੇ ਅਤੇ ਸੰਵਿਧਾਨ ਵਿੱਚ ਸੁਝਾਈਆਂ ਗਈਆਂ ਤਬਦੀਲੀਆਂ ‘ਤੇ ਭਰਵੀਂ ਬਹਿਸ ਕਰਕੇ ਸੋਧਾਂ ਕੀਤੀਆਂ ਗਈਆਂ। ਇਸ ਵਿੱਚ ਨਵਕਿਰਨ ਦਾ ਖਾਸ ਯੋਗਦਾਨ ਰਿਹਾ। ਉਪਰੰਤ ਅਗਲੇ ਦੋ ਸਾਲਾਂ ਲਈ ਸਰਬਸੰਮਤੀ ਨਾਲ ਕਾਰਜਕਰਨੀ ਦੀ ਚੋਣ ਕੀਤੀ ਗਈ। ਕਾਰਜਕਾਰਨੀ ਬਲਦੇਵ ਰਹਿਪਾ (ਓਂਟਾਰੀਓ) ਪ੍ਰਧਾਨ, ਬੀਰਬਲ ਭਦੌੜ (ਕੈਲਗਰੀ) ਜਨਰਲ ਸਕੱਤਰ, ਜਗਰੂਪ ਧਾਲੀਵਾਲ (ਬੀ.ਸੀ.) ਵਿੱਤ ਸਕੱਤਰ, ਬਲਵਿੰਦਰ ਬਰਨਾਲਾ (ਓਂਟਾਰੀਓ) ਮੀਤ ਪ੍ਰਧਾਨ, ਡਾ. ਬਲਜਿੰਦਰ ਸੇਖੋਂ ਪ੍ਰੈਸ ਤੇ ਸਿੱਖਿਆ ਸਕੱਤਰ ਚੁਣੇ ਗਏ। ਬਲਰਾਜ ਸ਼ੌਕਰ (ਓਂਟਾਰੀਓ), ਸੁਰਿੰਦਰ ਚਾਹਲ (ਬੀ.ਸੀ.), ਕਰਮਜੀਤ ਮੰਡ (ਅਲਬਰਟਾ), ਗੁਰਨਾਮ ਸਿੰਘ ਮਾਨ (ਅਲਬਰਟਾ) ਅਤੇ ਗੁਰਮੇਲ ਗਿੱਲ (ਬੀ.ਸੀ.) ਕਾਰਜਕਾਰੀ ਮੈਂਬਰ ਚੁਣੇ ਗਏ। ਬਾਈ ਅਵਤਾਰ ਗਿੱਲ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਸੁਸਾਇਟੀ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ।
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚਲੀਆਂ ਤਰਕਸ਼ੀਲ ਸੁਸਾਇਟੀ ਦੀਆਂ ਇਕਾਈਆਂ ਵਿਗਿਆਨਕ ਸਮਝ ਦੇ ਪਾਸਾਰ ਲਈ ਆਪਣੀ ਸਮਰੱਥਾ ਅਨੁਸਾਰ ਕੰਮ ਕਰਦੀਆਂ ਹੋਈਆਂ ਪਖੰਡੀ ਸਾਧਾਂ-ਸੰਤਾਂ, ਵਹਿਮ-ਭਰਮ ਫੈਲਾਉਂਦੇ ਪੀਰਾਂ ਫ਼ਕੀਰਾਂ ਅਤੇ ਧਰਮ ਦੇ ਠੇਕੇਦਾਰਾਂ ਆਦਿ ਵੱਲੋਂ ਫੈਲਾਏ ਜਾ ਰਹੇ ਅੰਧਵਿਸ਼ਵਾਸਾਂ ਦਾ ਪਰਦਾਫਾਸ਼ ਕਰਦੀਆਂ ਰਹਿਣਗੀਆਂ। ਇਸ ਦੇ ਨਾਲ ਹੀ ਮਿਹਨਤਕਸ਼ ਜਮਾਤ ਦੀ ਹੋ ਰਹੀ ਲੁੱਟ ਬਾਰੇ ਅਤੇ ਪੈਦਾਵਾਰ ਦੀ ਉਚਿਤ ਵੰਡ ਲਈ ਲੋਕਾਂ ਨੂੰ ਜਾਗਰੂਕ ਕਰਦੇ ਹੋਏ, ਪੈਦਾਵਾਰ ਦੀ ਤਰਕ ਸੰਗਤ ਵੰਡ ਲਈ ਹੋ ਰਹੇ ਸੰਘਰਸ਼ਾਂ ਵਿਚ ਅਪਣਾ ਸਹਿਯੋਗ ਦਿੰਦੀਆਂ ਰਹਿਣਗੀਆਂ।
ਸੁਸਾਇਟੀ ਵੱਲੋਂ ਪਾਸ ਕੀਤੇ ਮਤਿਆਂ ਵਿੱਚ ਮਹਾਨ ਸ਼ਾਇਰ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਦੁਨੀਆਂ ਪੱਧਰ ‘ਤੇ ਚੱਲ ਰਹੇ ਫਾਸ਼ੀ ਰੁਝਾਨ ਨੂੰ ਠੱਲ੍ਹ ਪਾਉਣ ਲਈ ਹੋ ਰਹੇ ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣ ਲਈ ਸੱਦਾ ਦਿੱਤਾ ਗਿਆ। ਮੀਟਿੰਗ ਦਾ ਸੰਚਾਲਨ ਨਵਕਿਰਨ ਸਿੱਧੂ ਅਤੇ ਬਾਈ ਅਵਤਾਰ ਗਿੱਲ ਨੇ ਕੀਤਾ।