#INDIA

ਤਮਿਲ actor ਵਿਜੈ ਵੱਲੋਂ ਸਿਆਸੀ ਪਾਰਟੀ ਦਾ ਗਠਨ

ਚੇਨੱਈ, 2 ਫਰਵਰੀ (ਪੰਜਾਬ ਮੇਲ)- ਤਮਿਲ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਵਿਜੈ ਨੇ ਅੱਜ ਸਿਆਸਤ ਵਿਚ ਕਦਮ ਰੱਖਣ ਦਾ ਐਲਾਨ ਕੀਤਾ ਹੈ। ਉਸ ਨੇ ਸਿਆਸੀ ਪਾਰਟੀ ‘ਤਮਿਝਾਗਾ ਵੇਤਰੀ ਕਜ਼ਾਗਮ’ (ਟੀ.ਵੀ.ਕੇ.) ਦਾ ਗਠਨ ਕੀਤਾ ਹੈ। ਉਸ ਨੇ ਕਿਹਾ ਕਿ ਉਹ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲੜੇਗਾ। ਵਿਜੈ ਨੇ ਇੱਕ ਬਿਆਨ ਵਿਚ ਕਿਹਾ ਕਿ ਸਿਆਸਤ ਕੋਈ ਪੇਸ਼ਾ ਨਹੀਂ, ਸਗੋਂ ‘ਪਵਿੱਤਰ ਲੋਕ ਸੇਵਾ ਹੈ’। ਤਮਿਝਾਗਾ ਵੇਤਰੀ ਕਜ਼ਾਗਮ ਦਾ ਅਰਥ ‘ਤਾਮਿਲ ਨਾਡੂ ਫਤਹਿ ਪਾਰਟੀ’ ਹੈ। ਉਨ੍ਹਾਂ ਦੇ ਇਸ ਐਲਾਨ ਮਗਰੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਕੁੱਝ ਸਮੇਂ ਤੋਂ ਚਰਚਾ ਸੀ ਕਿ ਅਦਾਕਾਰ ਸਿਆਸਤ ਵਿਚ ਕਦਮ ਰੱਖ ਸਕਦਾ ਹੈ। ਤਾਮਿਲਨਾਡੂ ਵਿਚ ਪਹਿਲਾਂ ਵੀ ਕਈ ਲੋਕ ਫ਼ਿਲਮੀ ਦੁਨੀਆਂ ਤੋਂ ਸਿਆਸਤ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚ ਸਭ ਤੋਂ ਪ੍ਰਮੁੱਖ ਐੱਮ.ਜੀ. ਰਾਮਚੰਦਰਨ ਅਤੇ ਜੇ. ਜੈਲਲਿਤਾ ਸ਼ਾਮਲ ਹਨ। ਵਿਜੈ ਨੇ ਕਿਹਾ ਕਿ ਉਸ ਦੀ ਪਾਰਟੀ ਆਗਾਮੀ ਲੋਕ ਸਭਾ ਚੋਣਾਂ ਨਹੀਂ ਲੜੇਗੀ ਅਤੇ ਨਾ ਹੀ ਕਿਸੇ ਦਾ ਸਮਰਥਨ ਕਰੇਗੀ। ਕਿਉਂਕਿ ਹਾਲ ਹੀ ਵਿਚ ਹੋਈ ਜਨਰਲ ਕੌਂਸਲ ਅਤੇ ਕਾਰਜਕਾਰੀ ਕੌਂਸਲ ਦੀਆਂ ਮੀਟਿੰਗਾਂ ਵਿਚ ਅਜਿਹਾ ਫ਼ੈਸਲਾ ਲਿਆ ਗਿਆ ਹੈ।