#OTHERS

ਤਣਾਅ ਦਰਮਿਆਨ ਇਰਾਨ ਤੇ ਪਾਕਿਸਤਾਨ ਕਰਨਗੇ ਸੰਵਾਦ

ਇਸਲਾਮਾਬਾਦ, 20 ਜਨਵਰੀ (ਪੰਜਾਬ ਮੇਲ)- ਇਕ-ਦੂਜੇ ਦੀ ਧਰਤੀ ‘ਤੇ ਕਥਿਤ ਅਤਿਵਾਦੀਆਂ ਵਿਰੁੱਧ ਮਿਜ਼ਾਈਲ ਹਮਲਿਆਂ ਮਗਰੋਂ ਪੈਦਾ ਹੋਏ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਤੇ ਇਰਾਨ ਦੇ ਵਿਦੇਸ਼ ਮੰਤਰੀ ਵੱਲੋਂ ਆਪਸੀ ਸੰਵਾਦ ਕੀਤੇ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੋਵਾਂ ਪਾਸਿਓਂ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਇਕ-ਦੂਜੇ ਨੂੰ ਸੁਨੇਹੇ ਭੇਜੇ ਸਨ, ਜਿਸ ਤੋਂ ਚੰਗੇ ਸੰਕੇਤ ਮਿਲੇ ਸਨ। ਹਾਲ ਹੀ ਵਿਚ ਇਰਾਨ ਨੇ ਪਾਕਿ ਦੇ ਬਲੋਚਿਸਤਾਨ ਸੂਬੇ ਵਿਚ ਸੁੰਨੀ ਅੱਤਵਾਦੀ ਗਰੁੱਪ ‘ਤੇ ਹਵਾਈ ਹਮਲੇ ਕੀਤੇ ਸਨ। ਇਸ ਦੇ ਜਵਾਬ ਵਿਚ ਪਾਕਿ ਨੇ ਵੀ ਇਰਾਨ ਦੀ ਧਰਤੀ ‘ਤੇ ਅੱਤਵਾਦੀਆਂ ਦੀਆਂ ਲੁਕਣਗਾਹਾਂ ‘ਤੇ ਹਮਲੇ ਕਰਨ ਦਾ ਦਾਅਵਾ ਕੀਤਾ ਸੀ। ਸੂਤਰਾਂ ਮੁਤਾਬਕ ਦੋਵਾਂ ਮੁਲਕਾਂ ਨੇ ਟਕਰਾਅ ਹੋਰ ਨਾ ਵਧਾਉਣ ਦਾ ਸੰਕੇਤ ਦਿੱਤਾ ਹੈ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਜਲੀਲ ਅੱਬਾਸ ਜਿਲਾਨੀ ਅਤੇ ਇਰਾਨੀ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲ੍ਹਾਇਅਨ ਜਲਦੀ ਗੱਲਬਾਤ ਕਰਨਗੇ। ਹਾਲਾਂਕਿ ਵਾਰਤਾ ਲਈ ਤੈਅ ਸਮੇਂ ਬਾਰੇ ਖੁੱਲ੍ਹ ਕੇ ਨਹੀਂ ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਆਪਣੇ ਵਧੀਕ ਵਿਦੇਸ਼ ਸਕੱਤਰ ਰਹੀਮ ਹਯਾਤ ਕੁਰੈਸ਼ੀ ਤੇ ਇਰਾਨੀ ਵਿਦੇਸ਼ ਸਕੱਤਰ ਸਈਦ ਰਸੂਲ ਮੌਸਾਵੀ ਵਿਚਾਲੇ ਹੋਈ ਗੱਲਬਾਤ ਦੇ ਵੇਰਵੇ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਤੇ ਇਰਾਨ ਨੂੰ ਸਾਕਾਰਾਤਮਕ ਸੰਵਾਦ ਰਾਹੀਂ ਸਾਰੇ ਮਸਲਿਆਂ ਦਾ ਹੱਲ ਕੱਢਣ ਦੀ ਲੋੜ ਹੈ। ਇਸ ਲਈ ਭਰੋਸਾ ਤੇ ਵਿਸ਼ਵਾਸ ਬਹਾਲ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਅੱਗੇ ਬਣੀਆਂ ਸਾਂਝੀਆਂ ਚੁਣੌਤੀਆਂ ਵਿਚ ਅਤਿਵਾਦ ਵੀ ਸ਼ਾਮਲ ਹੈ, ਜਿਸ ਲਈ ਤਾਲਮੇਲ ਨਾਲ ਕਾਰਵਾਈ ਲੋੜੀਂਦੀ ਹੈ। ਮੌਸਾਵੀ ਨੇ ਕਿਹਾ ਕਿ ਦੋਵਾਂ ਮੁਲਕਾਂ ਦੇ ਆਗੂ ਤੇ ਅਧਿਕਾਰੀ ਮੰਨਦੇ ਹਨ ਕਿ ਤਣਾਅ ਵਧਣ ਦਾ ਫਾਇਦਾ ਅੱਤਵਾਦੀਆਂ ਤੇ ਸਾਂਝੇ ਦੁਸ਼ਮਣਾਂ ਨੂੰ ਹੋਵੇਗਾ।

ਪ੍ਰਧਾਨ ਮੰਤਰੀ ਨੇ ਕੈਬਨਿਟ ਤੇ ਸੁਰੱਖਿਆ ਕਮੇਟੀ ਦੀ ਮੀਟਿੰਗ ਸੱਦੀ
ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁੱਲ ਹੱਕ ਕਾਕੜ ਨੇ ਇਰਾਨ-ਪਾਕਿ ਮੁੱਦੇ ‘ਤੇ ਫੈਡਰਲ ਕੈਬਨਿਟ ਤੇ ਕੌਮੀ ਸੁਰੱਖਿਆ ਕਮੇਟੀ ਦੀ ਵੱਖ-ਵੱਖ ਮੀਟਿੰਗ ਸੱਦੀ ਹੈ। ਪ੍ਰਧਾਨ ਮੰਤਰੀ ਜੋ ਕਿ ਵਿਸ਼ਵ ਆਰਥਿਕ ਫੋਰਮ ਵਿਚ ਹਿੱਸਾ ਲੈਣ ਲਈ ਦਾਵੋਸ ਗਏ ਸਨ, ਆਪਣਾ ਦੌਰਾ ਵਿਚਾਲੇ ਛੱਡ ਕੇ ਹੀ ਪਰਤ ਆਏ ਹਨ। ਵਿਦੇਸ਼ ਮੰਤਰੀ ਜਿਲਾਨੀ ਵੀ ਤਣਾਅ ਵਧਣ ਕਾਰਨ ਯੁਗਾਂਡਾ ਦੌਰੇ ਤੋਂ ਪਰਤ ਆਏ ਹਨ।