#CANADA

ਢਾਹਾਂ ਅਵਾਰਡ ਜੇਤੂ ਕਹਾਣੀਕਾਰ ਜਮੀਲ ਅਹਿਮਦ ਪਾਲ, ਬਲੀਜੀਤ ਅਤੇ ਜ਼ੁਬੈਰ ਅਹਿਮਦ ਦਾ ਸਨਮਾਨ

ਸਰੀ, 23 ਨਵੰਬਰ (ਹਰਦਮ ਮਾਨ/ਪੰਜਾਬ ਮੇਲ)-ਨਾਮਵਰ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਵੱਲੋਂ ਇਸ ਸਾਲ ਢਾਹਾਂ ਅਵਾਰਡ ਹਾਸਲ ਕਰਨ ਵਾਲੇ ਲਹਿੰਦੇ ਪੰਜਾਬ ਦੇ ਕਹਾਣੀਕਾਰ ਜਮੀਲ ਅਹਿਮਦ ਪਾਲ, ਚੜ੍ਹਦੇ ਪੰਜਾਬ ਦੇ ਕਹਾਣੀਕਾਰ ਬਲੀਜੀਤ ਅਤੇ ਢਾਹਾਂ ਅਵਾਰਡ ਸਲਾਹਕਾਰ ਕਮੇਟੀ ਦੇ ਚੇਅਰਮੈਨ ਜ਼ੁਬੈਰ ਅਹਿਮਦ ਦੇ ਮਾਣ ਵਿਚ ਸੰਖੇਪ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਤਿੰਨਾਂ ਲੇਖਕਾਂ ਨੇ ਆਪਣੇ ਸਾਹਿਤਕ ਸਫ਼ਰ ਅਤੇ ਵਿਸ਼ੇਸ਼ ਤੌਰ ਤੇ ਢਾਹਾਂ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਆਪਣੀਆਂ ਪੁਸਤਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਪ੍ਰੋਗਰਾਮ ਦੀ ਸ਼ੁਰੂਆਤ ਜੈਤੇਗ ਸਿੰਘ ਅਨੰਤ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਲਹਿੰਦੇ ਪੰਜਾਬ ਦੇ ਲੇਖਕਾਂ ਨਾਲ ਪਿਛਲੇ ਲੰਮੇਂ ਸਮੇਂ ਤੋਂ ਚੱਲਦੀ ਆ ਰਹੀ ਆਪਣੀ ਸਾਂਝ ਅਤੇ ਮਿੱਤਰਤਾ ਦੀ ਗੱਲ ਕੀਤੀ ਅਤੇ ਦੱਸਿਆ ਕਿ ਉਹ 2004 ਤੋਂ ਲਗਾਤਾਰ ਲਾਹੌਰ ਵਿਚ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਆਪਣੇ ਮਾਤਾ ਪਿਤਾ ਦੀ ਯਾਦ ਵਿਚ ਸਾਹਿਤਕ ਸਮਾਗਮ ਕਰਵਾਉਂਦੇ ਆ ਰਹੇ ਹਨ ਅਤੇ ਇਨ੍ਹਾਂ ਪ੍ਰੋਗਰਾਮਾਂ ਵਿਚ ਲਹਿੰਦੇ ਪੰਜਾਬ ਦੇ ਕਈ ਵਿਦਵਾਨਾਂ, ਲੇਖਕਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਇਸ ਸਾਲ ਦੇ ਢਾਹਾਂ ਪੁਰਸਕਾਰ ਜੇਤੂ ਜਮੀਲ ਅਹਿਮਦ ਪਾਲ ਨੇ ਆਪਣੀ ਜਾਣ ਪਛਾਣ ਕਰਵਾਉਂਦਿਆਂ ਇਨਾਮ ਹਾਸਲ ਕਰਨ ਵਾਲੀ ਕਹਾਣੀਆਂ ਦੀ ਕਿਤਾਬ ਮੈਂਡਲ ਦਾ ਕਾਨੂੰਨ  ਬਾਰੇ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਕਿਤਾਬ ਵਿਚ 12 ਕਹਾਣੀਆਂ ਹਨ ਜਿਨ੍ਹਾਂ ਦੇ ਵਿਸ਼ੇ ਆਮ ਜ਼ਿੰਦਗੀ ਨਾਲ ਸੰਬੰਧਤ ਹਨ। ਉਨ੍ਹਾਂ ਦੱਸਿਆ ਕਿ ਉਹ 1977 ਤੋਂ ਕਹਾਣੀ ਲਿਖ ਰਹੇ ਹਨ, ਉਨ੍ਹਾਂ ਦੇ ਚਾਰ ਕਹਾਣੀ ਸੰਗ੍ਰਹਿ, ਤਿੰਨ ਸਫ਼ਰਨਾਮੇ, ਪੱਤਰਕਾਰੀ ਤੇ ਭਾਸ਼ਾ ਨਾਲ ਸੰਬੰਧਤ ਪੁਸਤਕਾਂ ਸਮੇਤ ਕੁੱਲ 26 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਨੂੰ ਇਹ ਵੀ ਮਾਣ ਹੈ ਕਿ ਉਹ ਲਹਿੰਦੇ ਪੰਜਾਬ ਤੋਂ ਨਿਕਲਦੇ ਚਾਰ ਪੰਜਾਬੀ ਅਖ਼ਬਾਰਾਂ ਨਾਲ ਸੰਬੰਧਤ ਰਹੇ ਹਨ। ਉਹ ਆਪਣੇ ਆਪ ਨੂੰ ਕਹਾਣੀਕਾਰ ਤੋਂ ਜ਼ਿਆਦਾ ਵਰਕਰ ਸਮਝਦੇ ਹਨ।

ਢਾਹਾਂ ਪੁਰਸਕਾਰ ਦੇ ਦੂਜੇ ਵਿਜੇਤਾ ਕਹਾਣੀਕਾਰ ਬਲੀਜੀਤ ਨੇ ਦੱਸਿਆ ਕਿ ਲਗਾਤਾਰ 10 ਸਾਲ ਦੇ ਸੰਘਰਸ਼ ਬਾਅਦ ਕਹਾਣੀ ਖੇਤਰ ਵਿਚ ਉਹ ਪੈਰ ਧਰਨ ਦੇ ਕਾਬਲ ਹੋਏ। ਉਨ੍ਹਾਂ ਪੰਜਾਬੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਿੰਦੀ, ਅੰਗਰੇਜ਼ੀ, ਫਰੈਂਚ ਅਤੇ ਹੋਰ ਕਈ ਭਾਸ਼ਾਵਾਂ ਦੀਆਂ ਕਹਾਣੀਆਂ ਪੜ੍ਹੀਆਂ। ਉਨ੍ਹਾਂ ਦੇ ਹੁਣ ਤੱਕ 3 ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। ਢਾਹਾਂ ਅਵਾਰਡ ਮਿਲਣ ਤੇ ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਵੀ ਕਹਾਣੀਕਾਰ ਮੰਨਿਆ ਗਿਆ ਹੈ। ਉਨ੍ਹਾਂ ਢਾਹਾਂ ਪੁਰਸਕਾਰ ਪ੍ਰਾਪਤ ਆਪਣੀ ਪੁਸਤਕ ਉੱਚੀਆਂ ਅਵਾਜ਼ਾਂ ਵਿਚਲੀਆਂ ਕਹਾਣੀਆਂ ਬਾਰੇ ਵੀ ਸੰਖੇਪ ਵਿਚ ਗੱਲਬਾਤ ਕੀਤੀ।

ਦੋ ਵਾਰ ਢਾਹਾਂ ਅਵਾਰਡ ਪ੍ਰਾਪਤ ਕਰਨ ਵਾਲੇ ਅਤੇ ਢਾਹਾਂ ਅਵਾਰਡ ਸਲਾਹਕਾਰ ਕਮੇਟੀ ਦੇ ਚੇਅਰਮੈਨ ਜ਼ੁਬੈਰ ਅਹਿਮਦ ਨੇ ਦੱਸਿਆ ਕਿ ਪੜ੍ਹਨ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ। ਕਾਲਜ ਵਿਚ ਪੜ੍ਹਨ ਸਮੇਂ ਉਹ ਕਮਿਊਨਿਸਟ ਵਿਚਾਰਧਾਰਾ ਨਾਲ ਜੁੜ ਗਏ, ਬਹੁਤ ਸਾਰਾ ਸਾਹਿਤ ਪੜ੍ਹਿਆ, ਉਰਦੂ ਵਿਚ ਲਿਖਿਆ ਪਰ ਜਦੋਂ ਉਨ੍ਹਾਂ ਦੇ ਇਕ ਗੁਰੂ ਨੇ ਤਨਜ਼ ਕਸਿਆ ਕਿ ਉਰਦੂ ਵਿਚ ਤਾਂ ਬਹੁਤ ਲੋਕ ਲਿਖ ਰਹੇ ਹਨ, ਪੰਜਾਬੀ ਵਿਚ ਕੌਣ ਲਿਖੇਗਾ? ਤਾਂ ਉਹ ਪੰਜਾਬੀ ਵਿਚ ਲਿਖਣ ਲਈ ਪ੍ਰੇਰਿਤ ਹੋਏ ਅਤੇ ਫਿਰ ਕਦੇ ਉਰਦੂ ਵੱਲ ਮੂੰਹ ਨਹੀਂ ਕੀਤਾ ਅਤੇ ਪੰਜਾਬੀ ਵਿਚ ਹੀ ਲਿਖਿਆ। 2003 ਵਿੱਚ ਉਨ੍ਹਾਂ ਦੀਆਂ ਕਹਾਣੀਆਂ ਦੀ ਪਹਿਲੀ ਕਿਤਾਬ ਮੀਂਹ ਬੂਹੇ ਤੇ ਬਾਰੀਆਂ’ ਛਪੀ, 2013 ਵਿਚ ਕਬੂਤਰ ਬਨੇਰੇ ਤੇ ਗਲੀਆਂ’ ਪ੍ਰਕਾਸ਼ਿਤ ਹੋਈ ਜਿਸ ਨੂੰ 2014 ਵਿਚ ਢਾਹਾਂ ਅਵਾਰਡ ਮਿਲਿਆ ਅਤੇ 2019 ਵਿਚ ਪਾਣੀ ਦੀ ਕੰਧ’ ਕਹਾਣੀ ਸੰਗ੍ਰਹਿ ਛਪਿਆ। ਉਨ੍ਹਾਂ ਆਪਣੀਆਂ ਦੋ ਕਹਾਣੀਆਂ ਦੇ ਦਿਲਚਸਪ ਬਿਰਤਾਂਤ ਵੀ ਸੁਣਾਏ।

ਅੰਤ ਵਿਚ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਅਤੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਤਿੰਨਾਂ ਲੇਖਕਾਂ ਦਾ ਸਨਮਾਨ ਕੀਤਾ ਗਿਆ ਅਤੇ ਪੁਸਤਕਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਰੈੱਡ ਐਫਐਮ ਰੇਡੀਓ ਦੇ ਹੋਸਟ ਅਤੇ ਪ੍ਰਸਿੱਧ ਪੱਤਰਕਾਰ ਹਰਪ੍ਰੀਤ ਸਿੰਘ, ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰਿਲੇਸ਼ਨ ਸੈਕਟਰੀ ਸੁਰਿੰਦਰ ਸਿੰਘ ਜੱਬਲ, ਕੇਂਦਰੀ ਪੰਜਾਬੀ ਲੇਖਕ ਸਭ ਦੇ ਸਾਬਕਾ ਪ੍ਰਧਾਨ ਬਿੱਕਰ ਸਿੰਘ ਖੋਸਾ, ਜਰਨੈਲ ਸਿੰਘ ਸਿੱਧੂ, ਹਰਦਮ ਸਿੰਘ ਮਾਨ, ਪੁਨੀਤ ਅਤੇ ਜਸਪਾਲ ਕੌਰ ਅਨੰਤ ਵੀ ਮੌਜੂਦ ਸਨ।